18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ 'ਚ ਵੱਡਾ ਪ੍ਰਬੰਧਕੀ ਫੇਰਬਦਲ ਟਰਾਂਸਮਿਸ਼ਨ ਲਾਈਨ ਦਾ ਦਫ਼ਤਰ ਪਟਿਆਲਾ ਤੋਂ ਬਠਿੰਡਾ ਤਬਦੀਲ

ਅਜੀਤ ਡੈਸਕ 17-04-2026
ਰਾਮਪੁਰਾ ਫੂਲ, 16 ਅਪ੍ਰੈਲ (ਨਰਪਿੰਦਰ ਸਿੰਘ ਧਾਲੀਵਾਲ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧਕੀ ਢਾਂਚੇ ਵਿਚ ਇੱਕ ਵੱਡਾ ਫੇਰਬਦਲ ਕਰਦਿਆਂ ਨਵੇਂ ਦਫ਼ਤਰਾਂ ਤੇ ਅਸਾਮੀਆਂ ਦੀ ਸਿਰਜਣਾ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ | ਵਿਭਾਗ ਦੇ ਅੰਦਰੂਨੀ ਪੁਨਰਗਠਨ ਨੂੰ ਲੈ ਕੇ ਚੱਲ ਰਹੀਆਂ ਕਿਆਸ-ਆਰਾਈਆਂ 'ਤੇ ਅੱਜ ਉਸ ਵੇਲੇ ਵਿਰਾਮ ਲੱਗ ਗਿਆ, ਜਦੋਂ 16 ਅਪ੍ਰੈਲ 2026 ਨੂੰ ਦਫ਼ਤਰੀ ਹੁਕਮ ਜਾਰੀ ਕੀਤਾ ਗਿਆ | ਨੋਟੀਫ਼ਿਕੇਸ਼ਨ ਮੁਤਾਬਿਕ, ਚੀਫ਼ ਇੰਜੀਨੀਅਰ/ਟੀ.ਐਸ. ਪਟਿਆਲਾ ਦੇ ਅਧੀਨ ਕਈ ਨਵੇਂ ਦਫ਼ਤਰ ਕਾਇਮ ਕੀਤੇ ਗਏ ਹਨ, ਜੋ ਪਾਵਰਕਾਮ ਦੇ ਟਰਾਂਸਮਿਸ਼ਨ ਨੈੱਟਵਰਕ ਨੂੰ ਨਵੀਂ ਦਿਸ਼ਾ ਦੇਣਗੇ | ਜਾਣਕਾਰੀ ਅਨੁਸਾਰ, ਬਠਿੰਡਾ ਖੇਤਰ ਲਈ ਇਹ ਫ਼ੈਸਲਾ ਬੇਹੱਦ ਅਹਿਮ ਸਾਬਤ ਹੋਣ ਵਾਲਾ ਹੈ, ਕਿਉਂਕਿ ਇੱਥੇ 'ਸੁਪਰਡੈਂਟ ਇੰਜੀਨੀਅਰ ਟਰਾਂਸਮਿਸ਼ਨ ਲਾਈਨਜ਼ ਸਰਕਲ' ਦਾ ਨਵਾਂ ਦਫ਼ਤਰ ਸਥਾਪਤ ਕੀਤਾ ਗਿਆ ਹੈ | ਇਸ ਨਵੇਂ ਉੱਚ-ਪੱਧਰੀ ਦਫ਼ਤਰ ਨੂੰ ਚਲਾਉਣ ਲਈ ਲੋੜੀਂਦੀਆਂ ਐੱਸ.ਈ./ਇਲੈਕਟ੍ਰੀਕਲ ਤੇ ਸੀਨੀਅਰ ਐਕਸੀਅਨ/ਸਿਵਲ ਦੀਆਂ ਅਸਾਮੀਆਂ ਨੂੰ ਜੀ.ਐਨ.ਡੀ.ਟੀ.ਪੀ. ਬਠਿੰਡਾ ਤੇ ਟੈਕਨੀਕਲ ਆਡਿਟ ਸਿਵਲ ਸੈੱਲ ਲੁਧਿਆਣਾ (ਜਿਸਦਾ ਮੁੱਖ ਦਫ਼ਤਰ ਪਟਿਆਲਾ ਹੈ) ਤੋਂ ਤਬਦੀਲ ਕਰਕੇ ਪੂਰਾ ਕੀਤਾ ਗਿਆ ਹੈ | ਇਸ ਤੋਂ ਇਲਾਵਾ, ਬਠਿੰਡਾ ਵਿਖੇ ਟਰਾਂਸਮਿਸ਼ਨ ਲਾਈਨਜ਼ ਦੇ ਆਰਥਿਕ ਪ੍ਰਬੰਧਨ ਲਈ ਇੱਕ ਵੱਖਰਾ 'ਅਕਾਊਾਟਿੰਗ ਸੈੱਲ' ਵੀ ਬਣਾਇਆ ਗਿਆ ਹੈ, ਜਿਸ ਲਈ ਏ.ਓ. ਅਤੇ ਏ.ਏ.ਓ. ਦੀਆਂ ਅਸਾਮੀਆਂ ਜੀ.ਐਨ.ਡੀ.ਟੀ.ਪੀ. ਅਤੇ ਚੀਫ਼ ਇੰਜੀਨੀਅਰ/ਪਲੈਨਿੰਗ ਪਟਿਆਲਾ ਤੋਂ ਲਿਆਂਦੀਆਂ ਗਈਆਂ ਹਨ |
ਅੰਮਿ੍ਤਸਰ ਤੇ ਮੋਹਾਲੀ 'ਚ ਨਵੇਂ ਵਿਸਤਾਰ ਅਤੇ ਸਟਾਫ਼ ਦੀ ਅਦਲਾ-ਬਦਲੀ
ਵਿਭਾਗੀ ਵਿਸਤਾਰ ਦੀ ਇਹ ਕੜੀ ਸਿਰਫ਼ ਬਠਿੰਡਾ ਤੱਕ ਸੀਮਤ ਨਹੀਂ ਹੈ | ਅੰਮਿ੍ਤਸਰ ਅਤੇ ਮੋਹਾਲੀ ਵਿਖੇ ਵੀ ਨਵੀਆਂ 'ਟਰਾਂਸਮਿਸ਼ਨ ਲਾਈਨਜ਼ ਡਿਵੀਜ਼ਨਾਂ' ਬਣਾਈਆਂ ਗਈਆਂ ਹਨ | ਇਹ ਵੀ ਕਿ ਵੱਖ-ਵੱਖ ਅਸਾਮੀਆਂ ਜਿਵੇਂ ਕਿ ਪੀ.ਏ., ਜੇ.ਈ. ਸਰਕਲ ਅਸਿਸਟੈਂਟ, ਯੂ.ਡੀ.ਸੀ., ਕਲਰਕ, ਹੌਲਦਾਰ ਅਤੇ ਚਪੜਾਸੀ ਨੂੰ ਪੰਜਾਬ ਦੇ ਵੱਖ-ਵੱਖ ਦਫ਼ਤਰਾਂ ਤੋਂ ਬਦਲ ਕੇ ਇਨ੍ਹਾਂ ਨਵੇਂ ਦਫ਼ਤਰਾਂ ਲਈ ਅਸਾਮੀਆਂ ਦੀ ਸਿਰਜਣਾ ਕੀਤੀ ਗਈ ਹੈ | ਇਸ ਪੁਨਰਗਠਨ ਵਿਚ ਜੀ.ਐਨ.ਡੀ.ਟੀ.ਪੀ. ਬਠਿੰਡਾ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਲੈ ਕੇ ਇੱਕ ਵੱਡਾ ਫ਼ੈਸਲਾ ਲਾਗੂ ਕੀਤਾ ਗਿਆ ਹੈ | ਜਾਰੀ ਹੋਏ ਨੋਟ ਅਨੁਸਾਰ, ਹੁਣ ਐੱਸ. ਈ./ ਜੀ. ਐਨ. ਡੀ. ਟੀ. ਪੀ. ਬਠਿੰਡਾ ਦੇ ਅਧੀਨ ਆਉਂਦੇ ਸਾਰੇ ਦਫ਼ਤਰ ਚੀਫ਼ ਇੰਜੀਨੀਅਰ/ਓ. ਐਂਡ ਐਮ., ਜੀ. ਐਚ. ਟੀ. ਪੀ. ਲਹਿਰਾ ਮੁਹੱਬਤ ਨੂੰ ਸਿੱਧੀ ਰਿਪੋਰਟ ਕਰਨਗੇ | ਉੱਥੇ ਹੀ ਸੀਨੀਅਰ ਐਕਸੀਅਨ/ ਐਮ. ਐਮ., ਜੀ. ਐਨ. ਡੀ. ਟੀ. ਪੀ. ਬਠਿੰਡਾ ਅਧੀਨ ਆਉਂਦੀਆਂ ਅਸਾਮੀਆਂ ਨੂੰ ਹੁਣ ਸੀਨੀਅਰ ਐਕਸੀਅਨ/ ਵਰਕਸ ਜੀ. ਐਨ. ਡੀ. ਟੀ. ਪੀ. ਦੇ ਅਧੀਨ ਕਰ ਦਿੱਤਾ ਗਿਆ ਹੈ | ਇੱਕ ਹੋਰ ਪ੍ਰਸ਼ਾਸਨਿਕ ਵੇਰਵੇ ਅਨੁਸਾਰ, ਨਵੀਂ ਦਿੱਲੀ ਸਥਿਤ ਗੈੱਸਟ ਹਾਊਸ ਦੇ ਪ੍ਰਬੰਧਾਂ ਲਈ ਇੱਕ ਸਹਾਇਕ ਕਾਰਜਕਾਰੀ ਇੰਜੀਨੀਅਰ ਪਹਿਲਾਂ ਹੀ ਛੁੱਟੀ ਰਿਜ਼ਰਵ ਦੇ ਤਨਖ਼ਾਹ ਚਾਰਜ ਵਿਰੁੱਧ ਤਾਇਨਾਤ ਕੀਤਾ ਜਾ ਚੁੱਕਾ ਹੈ, ਜੋ ਕਿ ਪੁਰਾਣੇ ਦਫ਼ਤਰੀ ਹੁਕਮਾਂ ਦੀ ਨਿਰੰਤਰਤਾ ਵਿਚ ਹੈ | ਪਾਵਰਕਾਮ ਦਾ ਇਹ ਵਿਸ਼ਾਲ ਢਾਂਚਾਗਤ ਬਦਲਾਅ ਬੋਰਡ ਆਫ਼ ਡਾਇਰੈਕਟਰਜ਼ ਵਲੋਂ 29 ਦਸੰਬਰ 2025 ਨੂੰ ਚੰਡੀਗੜ੍ਹ ਵਿਖੇ ਹੋਈ 120ਵੀਂ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲਿਆਂ ਦਾ ਨਤੀਜਾ ਹੈ | ਜੁਆਇੰਟ ਸਕੱਤਰ/ਪਰਸੋਨਲ, ਪੀ. ਐਸ. ਪੀ. ਸੀ. ਐਲ. ਵਲੋਂ ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਅਗਲੇਰੀ ਕਾਰਵਾਈ ਤੇ ਤੁਰੰਤ ਲਾਗੂ ਕਰਨ ਲਈ ਵਿਭਾਗ ਦੇ ਸਾਰੇ ਇੰਜੀਨੀਅਰ-ਇਨ-ਚੀਫ਼, ਚੀਫ਼ ਇੰਜੀਨੀਅਰਾਂ, ਡਾਇਰੈਕਟਰਾਂ ਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ | ਆਉਣ ਵਾਲੇ ਦਿਨਾਂ ਵਿਚ ਇਸ ਫੇਰਬਦਲ ਦੇ ਚੰਗੇ ਮਾੜੇ ਜ਼ਮੀਨੀ ਪ੍ਰਭਾਵ ਸਾਹਮਣੇ ਆਉਣਗੇ |
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਨਜ਼ਰਬੰਦੀ ਦੀ ਤਿੱਖੀ ਨਿੰਦਾ ਅਗਲੀ ਖ਼ਬਰ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਐਸ.ਟੀ.ਪੀ. ਕੁਨੈਕਸ਼ਨ ਦਾ ਕੰਮ 5 ਮਹੀਨਿਆਂ 'ਚ ਪੂਰਾ ਕਰਨ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।