ਮਾਛੀਵਾੜਾ ਸਾਹਿਬ, 29 ਮਾਰਚ (ਰਾਜਦੀਪ ਸਿੰਘ ਅਲਬੇਲਾ)-ਅੱਜ ਮਾਛੀਵਾੜਾ ਨੇੜਲੇ ਪਿੰਡ ਹਾੜੀਆਂ ਵਿਖੇ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਹਮਲਾਵਰਾਂ ਵਲੋਂ ਸਿਰ 'ਚ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ | ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 6.30 ਵਜੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਤੱਖਰਾਂ ਤੋਂ ਹਾੜੀਆਂ ਰੋਡ 'ਤੇ ਜੋ ਕਿਰਾਏ ਲਈ ਕੁਆਰਟਰ ਬਣੇ ਹੋਏ ਹਨ ਉਸ ਦੇ ਬਾਹਰ ਕੁਰਸੀ 'ਤੇ ਬੈਠੇ ਸਨ | ਅਚਾਨਕ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ, ਜਿਨ੍ਹਾਂ 'ਚੋਂ ਇੱਕ ਨੇ ਆਪਣੇ ਹੱਥ ਵਿਚ ਫੜੀ ਕੁਹਾੜੀ ਨਾਲ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਸਿਰ 'ਤੇ ਕਈ ਵਾਰ ਕਰ ਦਿੱਤੇ ਤੇ ਫਰਾਰ ਹੋ ਗਏ | ਇਸ ਕਾਤਲਾਨਾ ਹਮਲੇ ਵਿਚ ਪਰਮਿੰਦਰ ਤਿਵਾੜੀ ਖੂਨ ਨਾਲ ਲੱਥਪਥ ਹੋ ਕੇ ਉੱਥੇ ਫ਼ਰਸ਼ 'ਤੇ ਹੀ ਗਿਰ ਗਏ, ਜਿਨ੍ਹਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ | ਖੂਨ ਨਾਲ ਲੱਥਪੱਥ ਪ੍ਰਧਾਨ ਪਰਮਿੰਦਰ ਤਿਵਾੜੀ ਨੂੰ ਮਾਛੀਵਾੜਾ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ | ਲੁਧਿਆਣਾ ਫੋਰਟਿਸ ਹਸਪਤਾਲ ਵਿਖੇ ਡਾਕਟਰਾਂ ਨੇ ਜਾਂਚ ਉਸਨੂੰ ਮਿ੍ਤਕ ਐਲਾਨ ਦਿੱਤਾ | ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਜਦੋਂ ਸੂਚਨਾ ਮਿਲੀ ਕਿ ਉਨ੍ਹਾਂ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਤਾਂ ਉਹ ਮੌਕੇ 'ਤੇ ਫੋਰਟਿਸ ਹਸਪਤਾਲ ਪੁੱਜੇ | ਪ੍ਰਧਾਨ ਲੱਖਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਨਜ਼ਦੀਕੀ ਆਗੂ ਦੀ ਮੌਤ 'ਤੇ ਅੱਥਰੂ ਨਾ ਰੋਕ ਸਕੇ ਅਤੇ ਭੁੱਬਾਂ ਮਾਰ ਕੇ ਰੋ ਪਏ |
ਸਿਰ 'ਤੇ ਕੁਹਾੜੀ ਨਾਲ ਵਾਰ ਕਰ ਬਲਾਕ ਪ੍ਰਧਾਨ ਦਾ ਕਤਲ <br/>
ਅਜੀਤ ਡੈਸਕ
30-03-2026