ਰਾਜਾਸਾਂਸੀ, 29 ਮਾਰਚ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਤੇ ਯਾਤਰੀਆਂ ਦੀਆਂ ਸਹੂਲਤਾਂ ਤੇ ਸੁਵਿਧਾਵਾਂ ਵਿਚ ਵਾਧਾ ਕੀਤਾ ਗਿਆ ਹੈ | ਅੰਮਿ੍ਤਸਰ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਹਵਾਈ ਅੱਡੇ 'ਤੇ ਯਾਤਰੀ-ਕੇਂਦਿ੍ਤ ਸਹੂਲਤਾਂ ਦੇ ਵਰਚੁਅਲ ਉਦਘਾਟਨ ਦਾ ਐਲਾਨ ਕਰਦੇ ਹੋਏ ਖੁਸ਼ ਨਜ਼ਰ ਆਏ | ਇਹ ਵਰਚੁਅਲ ਉਦਘਾਟਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ, ਰਾਮਮੋਹਨ ਨਾਇਡੂ ਕਿੰਜਾਰਾਪੂ ਦੁਆਰਾ ਕੀਤਾ ਗਿਆ | ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਯਾਤਰੀਆਂ ਦੀ ਸਹੂਲਤ, ਆਰਾਮ ਅਤੇ ਸਮੁੱਚੇ ਯਾਤਰਾ ਅਨੁਭਵ ਨੂੰ ਵਧਾਉਣਾ ਹੈ | ਹਵਾਈ ਅੱਡੇ 'ਤੇ ਲਾਇਬ੍ਰੇਰੀ ਸਥਾਪਤ ਕੀਤੀ ਗਈ ਹੈ ਜਿਸ ਦਾ ਨਾਂਅ ਫਲਾਈਬ੍ਰੇਰੀ ਰੱਖਿਆ ਗਿਆ ਹੈ | ਯਾਤਰੀਆਂ ਨੂੰ ਉਨ੍ਹਾਂ ਦੇ ਸਫ਼ਰ ਦੌਰਾਨ ਜੁੜੇ ਰੱਖਣ ਲਈ ਮੁਫਤ ਹਾਈ-ਸਪੀਡ ਵਾਈ ਫਾਈ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ | ਇੱਥੇ ਬੱਚਿਆਂ ਨੂੰ ਸਮਰਪਿਤ ਤੇ ਸੁਰੱਖਿਅਤ ਮਨੋਰੰਜਨ ਸਥਾਨ, ਪਰਿਵਾਰਕ ਯਾਤਰਾ ਦੇ ਅਨੁਭਵ ਨੂੰ ਵਧਾਉਂਦਾ ਹੈ | ਭੁਪਿੰਦਰ ਸਿੰਘ ਏਅਰਪੋਰਟ ਡਾਇਰੈਕਟਰ ਅੰਮਿ੍ਤਸਰ ਨੇ ਸਾਰੇ ਹਿੱਸੇਦਾਰਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਖੇਤਰ ਵਿਚ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਹੋਰ ਵਧਾਉਣ ਲਈ ਏ. ਏ. ਐੱਲ. ਦੇ ਸਮਰਪਣ ਦੀ ਪੁਸ਼ਟੀ ਕੀਤੀ |
ਅੰਮਿ੍ਤਸਰ ਹਵਾਈ ਅੱਡੇ 'ਤੇ ਯਾਤਰੀਆਂ ਲਈ ਹੋਰ ਸਹੂਲਤਾਂ ਤੇ ਸੁਵਿਧਾਵਾਂ ਵਿਚ ਹੋਇਆ ਵਾਧਾ
ਅਜੀਤ ਡੈਸਕ
30-03-2026