ਐੱਸ. ਏ. ਐੱਸ. ਨਗਰ, 26 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਸਾਲਾਨਾ ਪ੍ਰੀਖਿਆ-2026 ਦੀ ਸਮਾਜਿਕ ਸਿੱਖਿਆ ਵਿਸ਼ੇ ਦੀ ਆਨ ਸਕਰੀਨ ਉੱਤਰ-ਪੱਤਰੀਆਂ ਦੀ ਮਾਰਕਿੰਗ ਦੌਰਾਨ ਚੈੱਕ ਕੀਤੀਆਂ ਉੱਤਰ-ਪੱਤਰੀਆਂ ਸਬਮਿਟ ਕਰਨ 'ਚ ਅਧਿਆਪਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਵਲੋਂ ਉੱਤਰ-ਪੱਤਰੀਆਂ ਦੀ ਹਾਰਡ ਕਾਪੀ ਮੁਲਾਂਕਣ ਕੇਂਦਰ ਵਿਚ ਭੇਜਣ ਦੀ ਥਾਂ ਅਧਿਆਪਕਾਂ ਦੀ ਆਈ. ਡੀ. ਵਿਚ ਸਕੈਨ ਕੀਤੀਆਂ ਉੱਤਰ-ਪੱਤਰੀਆਂ ਨੂੰ ਭੇਜ ਕੇ ਕੰਪਿਊਟਰ ਸਕਰੀਨ 'ਤੇ ਆਨਲਾਈਨ ਉੱਤਰ-ਪੱਤਰੀਆਂ ਦਾ ਮੁਲਾਂਕਣ ਕਰਨ ਦੇ ਹੁਕਮ ਦਿੱਤੇ ਗਏ ਹਨ | ਡੀ. ਟੀ. ਐੱਫ. ਦੇ ਆਗੂਆਂ ਵਿਕਰਮਦੇਵ ਸਿੰਘ, ਮਹਿੰਦਰ ਕੌੜਿਆਂਵਾਲੀ ਅਤੇ ਅਸ਼ਵਨੀ ਅਵਸਥੀ ਦਾ ਕਹਿਣਾ ਹੈ ਕਿ ਉੱਤਰ-ਪੱਤਰੀਆਂ ਦੀ ਹਾਰਡ ਕਾਪੀ ਤੋਂ ਮਾਰਕਿੰਗ ਕਰਨ ਦੀ ਬਜਾਏ ਕੰਪਿਊਟਰ ਦੀ ਸਕਰੀਨ 'ਤੇ ਖੁੱਲ੍ਹੀਆਂ ਉੱਤਰ-ਪੱਤਰੀਆਂ ਦੀਆਂ ਸਾਫਟ ਕਾਪੀਆਂ ਨੂੰ ਦੇਖ ਕੇ ਮਾਰਕਿੰਗ ਕਰਨਾ ਨਾ ਸਿਰਫ਼ ਔਖਾ ਕੰਮ ਹੈ, ਸਗੋਂ ਇਸ ਨਾਲ ਅੱਖਾਂ ਦੀ ਰੌਸ਼ਨੀ ਲਈ ਖ਼ਤਰਾ ਪੈਦਾ ਹੋ ਗਿਆ ਹੈ | ਆਗੂਆਂ ਨੇ ਕਿਹਾ ਕਿ ਹਾਰਡ ਕਾਪੀ ਤੋਂ ਉੱਤਰ-ਪੱਤਰੀਆਂ ਮਾਰਕਿੰਗ ਕਰਨਾ ਬਿਨਾਂ ਸ਼ੱਕ ਅਧਿਆਪਕਾਂ ਦਾ ਕੰਮ ਹੈ, ਪਰ ਅੰਕਾਂ ਨੂੰ ਆਨਲਾਈਨ ਇੰਦਰਾਜ ਕਰਨ ਅਤੇ ਸਬਮਿਟ ਕਰਨ ਦਾ ਕੰਮ ਅਧਿਆਪਕਾਂ ਦਾ ਨਹੀਂ, ਸਗੋਂ ਡਾਟਾ ਐਂਟਰੀ ਆਪ੍ਰੇਟਰਾਂ ਦਾ ਹੈ | ਆਗੂਆਂ ਨੇ ਅਧਿਆਪਕਾਂ 'ਤੇ ਥੋਪੀ ਜਾ ਰਹੀ ਆਨ ਸਕਰੀਨ ਮਾਰਕਿੰਗ ਦੀ ਸ਼ਰਤ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਉੱਤਰ-ਪੱਤਰੀਆਂ ਦੀ ਮਾਰਕਿੰਗ ਲਈ ਉੱਤਰ-ਪੱਤਰੀਆਂ ਦੀ ਹਾਰਡ ਕਾਪੀ ਦਿੱਤੀ ਜਾਵੇ |