ਸਿੱਧਵਾਂ ਬੇਟ-ਬਹੁਤ ਹੀ ਸਿਰੜੀ ਤੇ ਸਾਫ਼-ਸੁਥਰੀ ਸਿਆਸਤ ਕਰਨ ਵਾਲੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦਾ ਜਨਮ ਹਰਨਾਮ ਸਿੰਘ ਤੂਰ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ 10-05-1934 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਤਹਿਸੀਲ ਸਮੁੰਦਰੀ ਵਿਚ ਪੈਂਦੇ ਪਿੰਡ ਚੱਕ ਨੰ. 50 ਵਿਖੇ ਹੋਇਆ | ਹਿੰਦ-ਪਾਕਿ: ਵੰਡ ਉਪਰੰਤ ਆਪ ਦਾ ਪਰਿਵਾਰ ਜ਼ਿਲ੍ਹਾ ਲੁਧਿਆਣਾ ਦੇ ਇਕ ਘੁੱਗ ਵੱਸਦੇ ਪਿੰਡ ਭੈਣੀ ਅਰਾਈਆਂ ਨਜ਼ਦੀਕ ਸਿੱਧਵਾਂ ਬੇਟ ਆਣ ਵਸਿਆ | ਆਪ 1952 ਵਿਚ ਬਤੌਰ ਪਟਵਾਰੀ ਭਰਤੀ ਹੋ ਗਏ | 1953 ਵਿਚ ਆਪ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਿੱਸੋਵਾਲ ਦੇ ਅਗਾਂਹਵਧੂ ਕਿਸਾਨ ਬਾਪੂ ਕੇਹਰ ਸਿੰਘ ਤੱਖਰ ਅਤੇ ਮਾਤਾ ਇੰਦ ਕੌਰ ਦੀ ਪੁੱਤਰੀ ਬੀਬੀ ਜੰਗੀਰ ਕੌਰ ਨੂੰ ਆਪਣੀ ਹਮਸਫ਼ਰ ਬਣਾਇਆ | ਇਸੇ ਦੌਰਾਨ ਆਪ ਸ਼੍ਰੋਮਣੀ ਅਕਾਲੀ ਦਲ ਵਜੋਂ ਸਰਗਰਮ ਸਿਆਸਤ ਵਿਚ ਹਿੱਸਾ ਲੈਣ ਲੱਗੇ ਤੇ ਸਭ ਤੋਂ ਪਹਿਲਾਂ ਮੈਂਬਰ ਬਲਾਕ ਸੰਮਤੀ ਬਣਨ ਦਾ ਮਾਣ ਹਾਸਲ ਹੋਇਆ | ਸ਼੍ਰੋਮਣੀ ਅਕਾਲੀ ਦਲ ਨਾਲ ਕੁਝ ਵਖਰੇਵਿਆਂ ਕਾਰਨ 1999 ਵਿਚ ਆਪ ਨੇ ਆਪਣੇ ਗ੍ਰਹਿ ਵਿਖੇ ਪੁੱਜੇ ਉਸ ਸਮੇਂ ਦੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਜੁਆਇੰਨ ਕੀਤੀ ਤੇ 2007 ਵਿਚ ਹਲਕਾ ਜਗਰਾਉਂ ਤੋਂ ਕਾਂਗਰਸ ਪਾਰਟੀ ਵਲੋਂ ਵਿਧਾਇਕ ਚੁਣੇ ਗਏ | ਆਪ ਦੇ ਘਰ ਦੋ ਪੁੱਤਰਾਂ ਮੇਜਰ ਸਿੰਘ ਭੈਣੀ, ਸੁਖਦੇਵ ਸਿੰਘ ਭੈਣੀ ਤੇ ਦੋ ਪੁੱਤਰੀਆਂ ਸੁਖਵਿੰਦਰ ਕੌਰ, ਸ਼ਰਨਜੀਤ ਕੌਰ ਨੇ ਜਨਮ ਲਿਆ ਜਿੰਨ੍ਹਾਂ ਨੂੰ ਚੰਗੀ ਵਿੱਦਿਆ ਹਾਸਲ ਕਰਵਾ ਕੇ ਉਨ੍ਹਾਂ ਦੇ ਵੱਡੇ ਘਰਾਣਿਆਂ ਨਾਲ ਨਾਤੇ ਜੋੜੇ | ਮੇਜਰ ਸਿੰਘ ਭੈਣੀ ਨੇ ਆਪਣੇ ਪਿਤਾ ਦੀ ਬਾਂਹ ਫੜ੍ਹ ਕੇ ਸਰਗਰਮ ਸਿਆਸਤ ਵਿਚ ਹਿੱਸਾ ਲਿਆ ਤੇ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਬਣੇ ਬਾਅਦ 'ਚ ਬਹੁਤ ਅਹੁਦਿਆਂ 'ਤੇ ਰਹੇ | ਉਨ੍ਹਾਂ ਦੀ ਪਤਨੀ ਬੀਬੀ ਮਨਜੀਤ ਕੌਰ ਤੂਰ ਨੂੰ ਵੀ ਕਰੀਬ 13 ਸਾਲ ਪਿੰਡ ਦੀ ਸਰਪੰਚੀ ਕਰਨ ਦਾ ਮੌਕਾ ਮਿਲਿਆ | ਇਸ ਤੋਂ ਇਲਾਵਾ ਉਨ੍ਹਾਂ ਦੇ ਦੂਜੇ ਪੁੱਤਰ ਸੁਖਦੇਵ ਸਿੰਘ ਤੂਰ ਨੇ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆ ਵਿਚ 40 ਦੇ ਕਰੀਬ ਹੋਟਲਾਂ ਦਾ ਕਾਰੋਬਾਰ ਸ਼ੁਰੂ ਕਰਕੇ ਕੈਨੇਡਾ ਦੀ ਤਰੱਕੀ ਵਿਚ ਆਪਣਾ ਵੱਡਾ ਯੋਗਦਾਨ ਪਾਇਆ | ਮਰਹੂਮ ਗੁਰਦੀਪ ਸਿੰਘ ਭੈਣੀ ਦੀ ਧਰਮ ਪਤਨੀ ਬੀਬੀ ਜੰਗੀਰ ਕੌਰ ਦਾ ਅਪ੍ਰੈਲ-2023 ਵਿਚ ਦਿਹਾਂਤ ਹੋ ਗਿਆ | ਆਪ ਦਾ ਵੀ 12 ਜਨਵਰੀ ਦੀ ਤੜਕਸਾਰ ਅਚਾਨਕ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਨਮਿਤ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 21 ਜਨਵਰੀ, ਦਿਨ ਬੁੱਧਵਾਰ ਨੂੰ ਪੈਣ ਉਪਰੰਤ 12 ਤੋਂ 1 ਵਜੇ ਤੱਕ ਪਿੰਡ ਭੈਣੀ ਅਰਾਈਆਂ ਦੇ ਖੇਡ ਸਟੇਡੀਅਮ ਵਿਚ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਆਗੂ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ |
ਪੇਸ਼ਕਸ-ਜਸਵੰਤ ਸਿੰਘ ਸਲੇਮਪੁਰੀ
ਭੋਗ 'ਤੇ ਵਿਸ਼ੇਸ਼ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ <br/>
ਅਜੀਤ ਡੈਸਕ
21-01-2026