ਅੰਮਿ੍ਤਸਰ, 20 ਜਨਵਰੀ (ਜਸਵੰਤ ਸਿੰਘ ਜੱਸ)-ਪ੍ਰਸਾਰ ਭਾਰਤੀ ਦੇ ਆਲ ਇੰਡੀਆ ਰੇਡੀਓ (ਘਰਿੰਡਾ, ਅੰਮਿ੍ਤਸਰ) ਵਲੋਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੰਮਿ੍ਤ ਵੇਲੇ 4.00 ਤੋਂ 6.00 ਵਜੇ ਤਕ ਆਸਾ ਦੀ ਵਾਰ ਅਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਸਮੇਂ ਵਿਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਸਰਹੱਦ ਦੇ ਆਰ-ਪਾਰ ਮਾਝਾ ਖੇਤਰ 'ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਧੁਰ ਕੀ ਬਾਣੀ ਦੇ ਸ਼ਬਦ ਕੀਰਤਨ, ਗੁਰਬਾਣੀ ਪਾਠ ਤੇ ਕਥਾ ਵਿਚਾਰਾਂ ਦਾ ਪਹਿਲਾਂ ਨਾਲੋਂ ਜ਼ਿਅਦਾ ਸਮਾਂ ਆਨੰਦ ਮਾਣ ਰਹੇ ਹਨ | ਪ੍ਰਾਪਤ ਵੇਰਵਿਆਂ ਅਨੁਸਾਰ ਪ੍ਰਸਾਰ ਭਾਰਤੀ ਦੇ ਆਲ ਇੰਡੀਆ ਰੇਡੀਓ ਘਰਿੰਡਾ ਵਲੋਂ ਇਹ ਉਪਰਾਲਾ ਕਰੀਬ ਹਫ਼ਤਾ ਪਹਿਲਾਂ 13 ਜਨਵਰੀ ਤੋਂ ਆਰੰਭ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਇਹ ਗੁਰਬਾਣੀ ਪ੍ਰਸਾਰਨ ਏ.ਆਈ.ਆਰ. ਅੰਮਿ੍ਤਸਰ ਵਲੋਂ ਆਪਣੀ ਸਥਾਪਨਾ ਦੇ ਦਿਨ, ਭਾਵ 24 ਸਤੰਬਰ 2018 ਤੋਂ ਰੋਜ਼ ਸਵੇਰੇ 5.00 ਤੋਂ 6.00 ਵਜੇ ਤੱਕ ਸਿਰਫ਼ ਇੱਕ ਘੰਟੇ ਲਈ ਕੀਤਾ ਜਾਂਦਾ ਸੀ | ਤੇ ਹੁਣ ਇਸਦਾ ਸਵੇਰ ਦਾ ਸਮਾਂ ਸਵੇਰੇ 4:00 ਵਜੇ ਤੋਂ 6:00 ਵਜੇ ਅਤੇ ਬਾਅਦ ਦੁਪਹਿਰ ਸ਼ਾਮ 4:30 ਵਜੇ ਤੋਂ 5:30 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਹੈ | ਇਸੇ ਦੌਰਾਨ ਕੀਰਤਨ ਪ੍ਰਸਾਰਨ ਦਾ ਸਮਾਂ ਵਧਾਏ ਜਾਣ ਲਈ ਲੰਬੇ ਸਮੇਂ ਤੋਂ ਉਪਰਾਲੇ ਕਰਦੀ ਆ ਰਹੀ ਗੁਰੂ ਨਗਰੀ ਦੀ ਸਮਾਜ ਸੇਵੀ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਇੰਜ. ਹਰਜਾਪ ਸਿੰਘ ਔਜਲਾ, ਪਿ੍ੰਸੀਪਲ ਕੁਲਵੰਤ ਸਿੰਘ ਅਣਖੀ, ਪ੍ਰੋ. ਮੋਹਨ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਣ ਸਿੰਘ ਬਰਾੜ, ਹਰਦੀਪ ਸਿੰਘ ਚਾਹਲ, ਰਾਜਵਿੰਦਰ ਸਿੰਘ ਗਿੱਲ, ਕਵਲਜੀਤ ਸਿੰਘ ਭਾਟੀਆ ਆਦਿ ਮੈਂਬਰਾਂ ਨੇ ਪ੍ਰਸਾਰ ਭਾਰਤੀ ਦੇ ਆਲ ਇੰਡੀਆ ਰੇਡੀਓ ਅੰਮਿ੍ਤਸਰ ਵਲੋਂ ਕੀਰਤਨ ਪ੍ਰਸਾਰਨ ਦੇ ਸਵੇਰ ਦੇ ਸਮੇਂ ਵਿਚ ਕੀਤੇ ਵਾਧੇ ਦਾ ਸਵਾਗਤ ਕੀਤਾ |