ਚੰਡੀਗੜ੍ਹ, 20 ਜਨਵਰੀ (ਸੰਦੀਪ ਕੁਮਾਰ ਮਾਹਨਾ)ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੇ ਝੱਜਰ ਜ਼ਿਲ੍ਹੇ 'ਚ ਸਾਲ 2020 ਵਿਚ ਪੰਜ ਸਾਲਾ ਬੱਚੀ ਦੇ ਅਗਵਾ, ਜਬਰ-ਜਨਾਹ ਅਤੇ ਕਤਲ ਦੇ ਘਿਨਾਉਣੇ ਮਾਮਲੇ 'ਚ 27 ਸਾਲਾ ਦੋਸ਼ੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਅਤੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ | ਅਦਾਲਤ ਨੇ ਪਾਇਆ ਕਿ ਮੁਕੱਦਮੇ ਦੌਰਾਨ ਗੰਭੀਰ ਪ੍ਰਕਿਰਿਆਤਮਕ ਗ਼ਲਤੀਆਂ ਹੋਈਆਂ, ਜਿਸ ਕਾਰਨ ਦੋਸ਼ੀ ਨੂੰ ਨਿਰਪੱਖ ਸੁਣਵਾਈ ਦਾ ਮੌਕਾ ਨਹੀਂ ਮਿਲਿਆ | ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ ਸੁਖਵਿੰਦਰ ਕੌਰ ਦੇ ਡਵੀਜ਼ਨ ਬੈਂਚ ਨੇ ਮੌਤ ਦੇ ਹਵਾਲੇ ਅਤੇ ਦੋਸ਼ੀ ਦੀ ਅਪੀਲ 'ਤੇ ਸੁਣਵਾਈ ਕਰਦੇ ਹੋਏ, ਸੈਸ਼ਨ ਅਦਾਲਤ ਦੇ ਹੁਕਮ ਨੂੰ ਰੱਦ ਕਰ ਕੇਸ ਨੂੰ ਦੁਬਾਰਾ ਸੁਣਵਾਈ ਅਤੇ ਨਵੇਂ ਫ਼ੈਸਲੇ ਲਈ ਉਸੇ ਅਦਾਲਤ ਨੂੰ ਵਾਪਸ ਭੇਜ ਦਿੱਤਾ |