34 ਸਾਲਾਂ ਬਾਅਦ ਮਿਲਿਆ 83 ਸਾਲਾ ਵਿਧਵਾ ਨੂੰ ਇਨਸਾਫ਼
ਅਜੀਤ ਡੈਸਕ
21-01-2026
ਚੰਡੀਗੜ੍ਹ, 20 ਜਨਵਰੀ (ਸੰਦੀਪ ਕੁਮਾਰ ਮਾਹਨਾ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ 83 ਸਾਲਾ ਵਿਧਵਾ ਨੂੰ ਮਹੱਤਵਪੂਰਨ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਪੈਨਸ਼ਨਾਂ ਕੋਈ ਖ਼ੈਰਾਤ ਨਹੀਂ ਸਗੋਂ ਇਕ ਸੰਵਿਧਾਨਕ ਅਧਿਕਾਰ ਹੈ | ਹਾਈ ਕੋਰਟ ਨੇ ਦੇਰੀ ਅਤੇ ਲਚਕਤਾ ਦੇ ਆਧਾਰ 'ਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਦਾਇਰ ਪਟੀਸ਼ਨ ਨੂੰ ਖਾਰਜ ਕਰਨ ਤੋਂ ਇਨਕਾਰ ਕਰਦਿਆਂ ਸੂਬਾ ਸਰਕਾਰ ਨੂੰ ਪਰਿਵਾਰਕ ਪੈਨਸ਼ਨ ਜਾਰੀ ਕਰਨ ਅਤੇ ਸੀਮਤ ਸਮੇਂ ਦਾ ਬਕਾਇਆ ਵਿਆਜ ਸਮੇਤ ਭੁਗਤਾਨ ਕਰਨ ਦਾ ਹੁਕਮ ਦਿੱਤਾ | ਇਹ ਫ਼ੈਸਲਾ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਬਦਕਾ ਦੇਵੀ ਦੀ ਪਟੀਸ਼ਨ 'ਤੇ ਸੁਣਾਇਆ | ਕੇਸ ਅਨੁਸਾਰ, ਪਟੀਸ਼ਨਕਰਤਾ ਬਦਕਾ ਦੇਵੀ ਦੇ ਪਤੀ ਸਵਰਗੀ ਰਾਮ ਦਾਸ ਲੁਧਿਆਣਾ ਇੰਪਰੂਵਮੈਂਟ ਟਰੱਸਟ ਵਿਚ ਮਾਲੀ ਵਜੋਂ ਕੰਮ ਕਰਦੇ ਸਨ ਅਤੇ 20 ਜੁਲਾਈ, 1991 ਨੂੰ ਸੇਵਾ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ ਤੇ ਬਾਅਦ 'ਚ ਉਸਨੂੰ ਪੈਨਸ਼ਨ ਤੇ ਹੋਰ ਕੋਈ ਲਾਭ ਨਹੀਂ ਮਿਲੇ | ਸੂਬਾ ਸਰਕਾਰ ਵਲੋਂ ਦਲੀਲ ਦਿੱਤੀ ਗਈ ਕਿ ਪਟੀਸ਼ਨਕਰਤਾ ਨੇ ਬਹੁਤ ਜ਼ਿਆਦਾ ਦੇਰੀ ਨਾਲ ਅਦਾਲਤ ਦਾ ਰੁਖ਼ ਕੀਤਾ ਹੈ | ਅਦਾਲਤ ਨੇ ਸਪੱਸ਼ਟ ਕੀਤਾ ਕਿ ਪਰਿਵਾਰਕ ਪੈਨਸ਼ਨ ਲਈ ਪਟੀਸ਼ਨਕਰਤਾ ਦਾ ਦਾਅਵਾ ਪੂਰੀ ਤਰ੍ਹਾਂ ਜਾਇਜ਼ ਸੀ ਅਤੇ ਦੇਰੀ ਦੇ ਆਧਾਰ 'ਤੇ ਇਸਨੂੰ ਅਸਵੀਕਾਰ ਨਹੀਂ ਕੀਤਾ ਜਾ ਸਕਦਾ | ਸਿੱਟੇ ਵਜੋਂ, ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਬਦਕਾ ਦੇਵੀ ਨੂੰ ਪਟੀਸ਼ਨ ਦਾਇਰ ਕਰਨ ਦੀ ਮਿਤੀ ਤੋਂ ਤਿੰਨ ਸਾਲ ਪਹਿਲਾਂ ਤੱਕ ਦੀ ਪਰਿਵਾਰਕ ਪੈਨਸ਼ਨ ਦਾ ਏਰੀਅਰ 6 ਫ਼ੀਸਦੀ ਸਾਲਾਨਾ ਵਿਆਜ ਸਮੇਤ ਅਦਾ ਕੀਤਾ ਜਾਵੇ |