ਚੰਡੀਗੜ੍ਹ, 20 ਜਨਵਰੀ (ਸੰਦੀਪ ਕੁਮਾਰ ਮਾਹਨਾ)ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਦੀ ਅੰਦਰੂਨੀ ਕਾਰਗੁਜ਼ਾਰੀ ਨੂੰ ਲੈ ਕੇ ਗੰਭੀਰ ਟਿੱਪਣੀ ਕੀਤੀ ਹੈ | ਬਿੱਟੂ ਨੇ ਕਿਹਾ ਕਿ ਕਾਂਗਰਸ ਹੁਣ ਲੋਕਤੰਤਰਿਕ ਪਾਰਟੀ ਨਹੀਂ ਰਹੀ, ਸਗੋਂ ਇਕ ਪਰਿਵਾਰ ਦੇ ਹੁਕਮਾਂ 'ਤੇ ਚੱਲਣ ਵਾਲੀ ਸੰਸਥਾ ਬਣ ਗਈ ਹੈ | ਉਨ੍ਹਾਂ ਕਿਹਾ ਕਾਂਗਰਸ ਦੇ ਹੀ ਲੀਡਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਜਾਖੜ ਸਾਹਿਬ ਜਾਂ ਸੁਖਜਿੰਦਰ ਰੰਧਾਵਾ ਦੇ ਹੱਕ ਵਿਚ ਸਨ, ਪਰ ਉੱਪਰੋਂ ਆਏ ਫ਼ੁਰਮਾਨ ਨਾਲ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ | ਬਿੱਟੂ ਨੇ ਕਿਹਾ 'ਜਦੋਂ ਲੋਕਾਂ ਵਲੋਂ ਚੁਣੇ ਵਿਧਾਇਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਫ਼ਿਰ ਲੋਕਤੰਤਰ ਦੀ ਗੱਲ ਕਿਵੇਂ ਕੀਤੀ ਜਾ ਸਕਦੀ ਹੈ? ਕਾਂਗਰਸ ਪਾਰਟੀ ਦੇ ਨੇਤਾ ਹੁਣ ਸਿਰਫ ਉੱਪਰੋਂ ਆਏ ਹੁਕਮਾਂ ਦੇ ਆਧਾਰ 'ਤੇ ਕੰਮ ਕਰ ਰਹੇ ਹਨ | ਕਾਂਗਰਸ ਵਿਚ ਫ਼ੈਸਲੇ ਗਾਂਧੀ ਪਰਿਵਾਰ ਦੇ ਹੁਕਮਾਂ ਨਾਲ ਹੁੰਦੇ ਹਨ | ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਨਾਲ ਪਾਰਟੀ ਦੇ ਸਾਲਾਂ ਦੀ ਮਿਹਨਤ ਅਤੇ ਲੋਕਾਂ ਦੀ ਚੋਣ ਬੇਅਰਥ ਹੋ ਜਾਂਦੀ ਹੈ | ਉਨ੍ਹਾਂ ਨਾਮ ਲਏ ਬਿਨਾਂ ਕੁੱਝ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਹੋਣ ਦਾ ਸੱਦਾ ਤੱਕ ਦੇ ਦਿੱਤਾ |