ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)-ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਆਰਮੀ ਵੈਟਰਨਰਜ਼ ਵੈੱਲਫ਼ੇਅਰ ਯੂਨੀਅਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ (ਰਿਟਾ.) ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਾਬਕਾ ਸੈਨਿਕਾਂ ਤੇ ਵੀਰ ਨਾਰੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਮੀਟਿੰਗ ਦੀ ਸ਼ੁਰੂਆਤ ਅਰਜਿੰਦਰ ਕੌਰ ਸ਼ੇਰੇਵਾਲਾ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਦਿਆਂ ਕੀਤੀ ਗਈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ | ਜ਼ਿਲ੍ਹਾ ਪ੍ਰਧਾਨ ਨੇ ਅਗਨੀਵੀਰ ਯੋਜਨਾ ਬਾਰੇ ਦੱਸਦੇ ਹੋਏ ਕਿਹਾ ਕਿ ਨੌਜਵਾਨਾਂ ਲਈ ਭਵਿੱਖ ਵਿਚ ਵਧੀਆ ਮੌਕੇ ਹਨ ਅਤੇ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਵਿਚ ਤਰਜ਼ੀਹ ਮਿਲ ਸਕਦੀ ਹੈ | ਉਨ੍ਹਾਂ ਸਾਬਕਾ ਸੈਨਿਕਾਂ ਨੂੰ ਆਪਣੇ ਨਾਂਅ ਦਰਜ ਕਰਵਾਉਣ ਅਤੇ ਸਰਕਾਰੀ ਲਾਭ ਲੈਣ ਲਈ ਪ੍ਰੇਰਿਤ ਕੀਤਾ | ਈ. ਸੀ. ਐੱਚ. ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੈਨਲ ਹਸਪਤਾਲਾਂ ਤੇ ਏਮਜ਼ ਬਠਿੰਡਾ ਵਿਚ ਉਚ ਦਰਜੇ ਦਾ ਇਲਾਜ ਉਪਲਬਧ ਹੈ | ਐਮਰਜੈਂਸੀ ਸਮੇਂ ਏ.ਸੀ.ਐੱਚ.ਐੱਸ. ਕਾਰਡ ਨਾਲ ਰੱਖਣ ਦੀ ਵੀ ਅਪੀਲ ਕੀਤੀ ਗਈ | ਮੀਟਿੰਗ ਦੌਰਾਨ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਅਤੇ ਸਾਰੇ ਹਾਜ਼ਰ ਮੈਂਬਰਾਂ ਨੇ ਯੂਨੀਅਨ ਦੀ ਮਜ਼ਬੂਤੀ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਜ਼ਿਲ੍ਹਾ ਸਕੱਤਰ ਹੌਲਦਾਰ ਮੇਜਰ ਸਿੰਘ, ਖ਼ਜ਼ਾਨਚੀ ਹੌਲਦਾਰ ਬਲਵਿੰਦਰ ਸਿੰਘ ਮੋਤਲੇਵਾਲਾ, ਸਲਾਹਕਾਰ ਕੈਪਟਨ ਗੁਰਮੀਤ ਸਿੰਘ, ਬਲਾਕ ਪ੍ਰਧਾਨ ਹੌਲਦਾਰ ਬੋਹੜ ਸਿੰਘ ਮੋਤਲੇਵਾਲਾ, ਮੀਤ ਪ੍ਰਧਾਨ ਹੌਲਦਾਰ ਅਮਰਿੰਦਰ ਸਿੰਘ ਖਾਰਾ, ਹੌਲਦਾਰ ਨਛੱਤਰ ਸਿੰਘ, ਸਲਾਹਕਾਰ ਹੌਲਦਾਰ ਜਗਸੀਰ ਸਿੰਘ ਖਾਰਾ, ਕੈਪਟਨ ਮੁਖ਼ਤਿਆਰ ਸਿੰਘ (ਸਲਾਹਕਾਰ), ਸੂਬੇਦਾਰ ਸਨਿੰਦਰ ਪਾਲ ਸਿੰਘ, ਇਕਬਾਲ ਸਿੰਘ ਨੰਦਗੜ੍ਹ, ਤਜਿੰਦਰ ਸਿੰਘ ਅਤੇ ਹੌਲਦਾਰ ਜਗਦੇਵ ਸਿੰਘ ਚੱਕ ਸ਼ੇਰੇਵਾਲਾ ਆਦਿ ਹਾਜ਼ਰ ਸਨ |