ਮਲੋਟ, 19 ਜੁਲਾਈ (ਪਾਟਿਲ)-ਮਲੋਟ ਦੀ ਸਿਆਸਤ ਵਿਚ ਉਸ ਵੇਲੇ ਇਕ ਵੱਡਾ ਸਿਆਸੀ ਘਟਨਾਕ੍ਰਮ ਸਾਹਮਣੇ ਆਇਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਆਗੂ, ਸਾਬਕਾ ਮੰਡਲ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸੋਮਨਾਥ ਕਾਲੜਾ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਉਨ੍ਹਾਂ ਨੂੰ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਾਰਟੀ ਵਿਚ ਸ਼ਾਮਿਲ ਕਰਵਾਇਆ। ਇਸ ਮੌਕੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਜੋਨੀ ਗਰਗ ਵੀ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਦੇ ਐਲਾਨ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਨਾਰਾਜ਼ਗੀ ਅਤੇ ਹੋਰ ਸੰਗਠਨਾਤਮਕ ਮੁੱਦਿਆਂ ਕਾਰਨ ਸੋਮਨਾਥ ਕਾਲੜਾ ਨੇ ਇਹ ਅਹਿਮ ਫ਼ੈਸਲਾ ਲਿਆ। ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿਚ ਜਾਣ ਨੂੰ ਮਲੋਟ ਭਾਜਪਾ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਸੋਮਨਾਥ ਕਾਲੜਾ ਭਾਜਪਾ ਦੇ ਲੰਬੇ ਸਮੇਂ ਤੋਂ ਸਰਗਰਮ ਅਤੇ ਸਮਰਪਿਤ ਆਗੂ ਰਹੇ ਹਨ। ਉਹ ਸਾਬਕਾ ਮੰਡਲ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਵਜੋਂ ਪਾਰਟੀ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਸ਼ਹਿਰ ਵਿਚ ਜਦੋਂ ਵੀ ਕਿਸੇ ਭਾਜਪਾ ਆਗੂ ਜਾਂ ਵਰਕਰ ਨਾਲ ਕੋਈ ਵਿਵਾਦ ਜਾਂ ਧੱਕੇਸ਼ਾਹੀ ਦੀ ਘਟਨਾ ਸਾਹਮਣੇ ਆਈ, ਉਹ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਰੋਸ ਪ੍ਰਦਰਸ਼ਨਾਂ ਅਤੇ ਧਰਨਿਆਂ ਵਿਚ ਪਾਰਟੀ ਵਰਕਰਾਂ ਦੇ ਹੱਕ ਵਿਚ ਡਟ ਕੇ ਖੜ੍ਹੇ ਰਹੇ। ਜ਼ਿਕਰਯੋਗ ਹੈ ਕਿ ਉਹ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 8 ਤੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕੇ ਹਨ। ਉਨ੍ਹਾਂ ਦੇ ਪਾਰਟੀ ਛੱਡਣ ਨਾਲ ਸਥਾਨਕ ਭਾਜਪਾ ਇਕਾਈ ਨੂੰ ਵੱਡਾ ਸਿਆਸੀ ਨੁਕਸਾਨ ਹੋਣ ਦੀ ਚਰਚਾ ਹੈ। ਸੋਮਨਾਥ ਕਾਲੜਾ ਦੀ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਨੂੰ ਮਲੋਟ ਦੇ ਸਿਆਸੀ ਸਮੀਕਰਨਾਂ ਵਿਚ ਇਕ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।