ਮਲੋਟ, 4 ਅਗਸਤ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਦੀ ਐਨ.ਐਸ.ਐਸ. ਯੂਨਿਟ ਨੇ ਦੇਸ਼ ਵਿਆਪੀ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਸਹੁੰ ਚੁੱਕਣ ਸਮਾਗਮ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਤੇ ਲਗਪਗ 120 ਵਿਦਿਆਰਥੀਆਂ ਨੇ ਸਹੁੰ ਚੁੱਕ ਸਮਾਰੋਹ ਵਿਚ ਹਿੱਸਾ ਲਿਆ ਅਤੇ ਨਸ਼ਾ ਮੁਕਤ ਜੀਵਨ ਸ਼ੈਲੀ ਪ੍ਰਤੀ ਵਚਨਬੱਧ ਰਹਿਣ ਦਾ ਸੰਕਲਪ ਲਿਆ। ਭਾਗੀਦਾਰਾਂ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਕ ਸਿਹਤਮੰਦ, ਨਸ਼ਾ ਮੁਕਤ ਸਮਾਜ ਬਣਾਉਣ ਵਿਚ ਯੋਗਦਾਨ ਪਾਉਣ ਲਈ ਦੂਜਿਆਂ ਨੂੰ ਪ੍ਰੇਰਿਤ ਕਰਨ ਦਾ ਵੀ ਵਾਅਦਾ ਕੀਤਾ। ਮੁਹਿੰਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਮਾਈ ਭਾਰਤ ਪੋਰਟਲ ਤੇ ਰਜਿਸਟ੍ਰੇਸ਼ਨ ਵੀ ਕੀਤੀ। ਪ੍ਰਿੰਸੀਪਲ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਜ਼ਿੰਮੇਵਾਰ ਨਾਗਰਿਕਾਂ ਨੂੰ ਬਣਾਉਣ ਅਤੇ ਨੌਜਵਾਨਾਂ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਰਿੰਪੂ, ਮਿ. ਵਿੱਕੀ ਕਾਲੜਾ ਅਤੇ ਸਮਾਜ ਸੇਵੀ ਪ੍ਰਿੰਸ ਬਾਂਸਲ ਆਦਿ ਹਾਜ਼ਰ ਸਨ।