06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪੰਜਾਬ ’ਚ ਵੱਡਾ ਸਿੱਖਿਆ ਸੰਕਟ ਜਨਮ ਸਰਟੀਫ਼ਿਕੇਟਾਂ ’ਚ ਨਾਂਅ ਨਾ ਹੋਣ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੇ ਦਾਖ਼ਲੇ ਰੁਕੇ

ਅਜੀਤ ਡੈਸਕ 19-07-2026
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਹਰਮਹਿੰਦਰ ਪਾਲ)-ਸਿਹਤ ਵਿਭਾਗ ਦੀ ਵੈੱਬਸਾਈਟ ਅਤੇ ਪੰਜਾਬ ਸਰਕਾਰ ਦੇ ਮੌਜੂਦਾ ਨੋਟੀਫ਼ਿਕੇਸ਼ਨਾਂ ਅਨੁਸਾਰ ਰਜਿਸਟ੍ਰੇਸ਼ਨ ਆਫ਼ ਬਰਥ ਐਂਡ ਡੈਥ ਐਕਟ ਦੀ ਧਾਰਾ 14 ਦੇ ਤਹਿਤ ਜਨਮ ਤੋਂ 14 ਸਾਲ ਪੂਰੇ ਹੋਣ ਤੱਕ ਬੱਚੇ ਦਾ ਨਾਂਅ ਬਿਨਾਂ ਕਿਸੇ ਦੇਰੀ ਫ਼ੀਸ ਜਾਂ ਮਾਮੂਲੀ ਫ਼ੀਸ ਦੇ ਸਰਟੀਫ਼ਿਕੇਟ ਵਿਚ ਦਰਜ ਕਰਵਾਇਆ ਜਾ ਸਕਦਾ ਹੈ, ਪ੍ਰੰਤੂ ਸੇਵਾ ਕੇਂਦਰਾਂ ਦੇ ਸੂਤਰਾਂ ਤੇ ਸਿਹਤ ਵਿਭਾਗ ਦੇ ਆਨਲਾਈਨ ਪੋਰਟਲ ਤੋਂ ਮਿਲੇ ਵੇਰਵਿਆਂ ਮੁਤਾਬਕ 14 ਸਾਲ ਦੀ ਉਮਰ ਟੱਪ ਚੁੱਕੇ ਬੱਚਿਆਂ ਦਾ ਨਾਂਅ ਡਿਜੀਟਲ ਸਿਸਟਮ ਵਿਚ ਦਰਜ ਕਰਨ ਵਾਲਾ ਲਿੰਕ/ਐਪਲੀਕੇਸ਼ਨ ਸਾਫ਼ਟਵੇਅਰ ਸਿਹਤ ਵਿਭਾਗ ਵਲੋਂ ਬੰਦ ਕਰ ਦਿੱਤਾ ਗਿਆ ਹੈ। ਸੇਵਾ ਕੇਂਦਰ ਵਿਚ ਆਪਣੇ ਜਨਮ ਸਰਟੀਫ਼ਿਕੇਟ ਵਿਚ ਨਾਂਅ ਦਰਜ ਕਰਵਾਉਣ ਆਏ ਜਗਜੀਤ ਸਿੰਘ ਨੇ ਦਸਵੀਂ ਵਿਚ ਦਾਖ਼ਲਾ ਲੈਣਾ ਹੈ। ਉਸ ਦੀ ਜਨਮ ਮਿਤੀ 28 ਅਕਤੂਬਰ 2010 ਹੈ। ਉਸ ਦੇ ਡਿਜੀਟਲ ਜਨਮ ਸਰਟੀਫ਼ਿਕੇਟ ਵਿਚ ਉਸ ਦਾ ਨਾਂਅ ਦਰਜ ਨਹੀਂ। ਹੁਣ ਸਿਹਤ ਵਿਭਾਗ ਦੇ ਡਿਜੀਟਲ ਸਿਸਟਮ ਵਿਚ ਨਾਂਅ ਦਰਜ ਕਰਨ ਵਾਸਤੇ ਅਪਲਾਈ ਨਹੀਂ ਹੁੰਦਾ, ਕਿਉਂਕਿ ਉਸ ਦੀ ਉਮਰ 14 ਸਾਲ ਤੋਂ ਉਪਰ ਹੋ ਗਈ। ਇਸ ਵਜ੍ਹਾ ਕਰਕੇ ਜਗਜੀਤ ਸਿੰਘ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਇਹੀ ਹਾਲ ਨੰਦਨੀ ਤੇ ਹੋਰ ਵਿਦਿਆਰਥੀਆਂ ਦਾ ਹੈ। ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਦੇ ਜਨਮ ਵੇਲੇ ਹਸਪਤਾਲ ਵਾਲਿਆਂ ਨੇ ਸਿਰਫ਼ ‘ਲੜਕਾ’ ਜਾਂ ‘ਲੜਕੀ’ ਲਿਖ ਕੇ ਰਜਿਸਟ੍ਰੇਸ਼ਨ ਕਰ ਦਿੱਤੀ। ਹੁਣ ਜਦੋਂ ਬੱਚਾ 15-16 ਸਾਲ ਦਾ ਹੋ ਕੇ ਉਚੀ ਕਲਾਸ ਵਿਚ ਦਾਖ਼ਲਾ ਲੈਣ ਲੱਗਾ ਹੈ, ਤਾਂ ਸਰਕਾਰ ਕਹਿੰਦੀ ਹੈ ਕਿ ਨਾਂਅ ਦਰਜ ਨਹੀਂ ਹੋ ਸਕਦਾ। ਜੇ ਨਾਂਅ ਦਰਜ ਨਹੀਂ ਹੋਵੇਗਾ ਤਾਂ ਸਾਡੇ ਬੱਚੇ ਅੱਗੇ ਕਿਵੇਂ ਪੜ੍ਹਨਗੇ? ਪੰਜਾਬ ਵਿਚ ਅੱਠਵੀਂ ਜਮਾਤ ਤੋਂ ਲੈ ਕੇ ਉਚੇਰੀ ਸਿੱਖਿਆ (ਕਾਲਜਾਂ ਤੇ ਯੂਨੀਵਰਸਿਟੀਆਂ) ਵਿਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਇਹ ਨਵੀਂ ਤੇ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ। ਪੰਜਾਬ ਸਰਕਾਰ ਵਲੋਂ ਸਕੂਲਾਂ-ਕਾਲਜਾਂ ਵਿਚ ਦਾਖ਼ਲੇ ਲਈ ਡਿਜੀਟਲ ਜਨਮ ਸਰਟੀਫ਼ਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ, ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸੂਬੇ ਦੇ ਹਜ਼ਾਰਾਂ ਬੱਚਿਆਂ ਦੇ ਜਨਮ ਸਰਟੀਫ਼ਿਕੇਟਾਂ ਵਿਚ ਉਨ੍ਹਾਂ ਦਾ ਖ਼ੁਦ ਦਾ ਨਾਂਅ ਹੀ ਦਰਜ ਨਹੀਂ ਹੈ, ਬਲਕਿ ਨਾਂਅ ਵਾਲੇ ਖਾਨੇ ਵਿਚ ਸਿਰਫ਼ ‘ਲੜਕਾ’ ਜਾਂ ‘ਲੜਕੀ’ ਲਿਖਿਆ ਹੋਇਆ ਹੈ। ਸਿਹਤ ਵਿਭਾਗ ਤੇ ਸੇਵਾ ਕੇਂਦਰਾਂ ਦੇ ਨਿਯਮਾਂ ਮੁਤਾਬਕ 14 ਸਾਲ ਦੀ ਉਮਰ ਤੋਂ ਬਾਅਦ ਜਨਮ ਸਰਟੀਫ਼ਿਕੇਟ ਵਿਚ ਨਾਂਅ ਦਰਜ ਕਰਨ ਵਾਲੀ ਐਪ/ਪੋਰਟਲ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ 14 ਸਾਲ ਤੋਂ ਉਪਰ ਹੋ ਚੁੱਕੇ ਬੱਚਿਆਂ ਦੇ ਨਾਂਅ ਸਰਟੀਫ਼ਿਕੇਟਾਂ ’ਚ ਚੜ੍ਹਨੇ ਬੰਦ ਹੋ ਗਏ ਹਨ। ਇਸ ਕਾਰਨ ਵਿਦਿਆਰਥੀਆਂ ਦੇ ਅਗਲੇ ਦਾਖ਼ਲੇ ਪੂਰੀ ਤਰ੍ਹਾਂ ਰੁਕ ਗਏ ਹਨ। ਜਦੋਂ ਮਾਪੇ ਆਪਣੇ ਬੱਚਿਆਂ ਦਾ ਨਾਂਅ ਚੜ੍ਹਾਉਣ ਲਈ ਸੇਵਾ ਕੇਂਦਰਾਂ ਵਿਚ ਜਾਂਦੇ ਹਨ, ਤਾਂ ਉਥੋਂ ਦਾ ਸਿਸਟਮ 14 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੀਆਂ ਅਰਜ਼ੀਆਂ ਨੂੰ ਸਵੀਕਾਰ ਹੀ ਨਹੀਂ ਕਰਦਾ। ਸੇਵਾ ਕੇਂਦਰਾਂ ਦੇ ਸਟਾਫ਼ ਦਾ ਕਹਿਣਾ ਹੈ ਕਿ ਪਿੱਛੋਂ ਪੋਰਟਲ ਬੰਦ ਹੋਣ ਕਰਕੇ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ, ਅੱਠਵੀਂ, ਦਸਵੀਂ, ਬਾਰ੍ਹਵੀਂ ਪਾਸ ਕਰਕੇ ਕਾਲਜਾਂ ਜਾਂ ਅਗਲੀਆਂ ਜਮਾਤਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਉਮਰ ਆਮ ਤੌਰ ’ਤੇ 14 ਸਾਲ ਤੋਂ ਉਪਰ ਹੁੰਦੀ ਹੈ। ਸਕੂਲ ਤੇ ਕਾਲਜ ਪ੍ਰਸ਼ਾਸਨ ਦਾਖ਼ਲੇ ਲਈ ਸਿਰਫ਼ ਆਨਲਾਈਨ/ਡਿਜੀਟਲ ਜਨਮ ਸਰਟੀਫ਼ਿਕੇਟ ਮੰਗ ਰਹੇ ਹਨ, ਜਿਸ ’ਤੇ ਵਿਦਿਆਰਥੀ ਦਾ ਸਹੀ ਨਾਂਅ ਦਰਜ ਹੋਵੇ। ਅਜਿਹਾ ਨਾ ਹੋਣ ਕਰਕੇ ਦਾਖ਼ਲਾ ਨਹੀਂ ਹੋਣਾ ’ਤੇ ਮਾਪੇ ਤੇ ਵਿਦਿਆਰਥੀ ਪ੍ਰੇਸ਼ਾਨ ਹਨ। ਲੋਕਾਂ ਦੀ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ ਕਿ ਸਿਹਤ ਵਿਭਾਗ ਦੇ ਪੋਰਟਲ ’ਤੇ 14 ਸਾਲ ਤੋਂ ਉਪਰ ਦੇ ਬੱਚਿਆਂ ਦੇ ਨਾਂਅ ਦਰਜ ਕਰਨ ਵਾਲੀ ਐਪ/ਲਿੰਕ ਨੂੰ ਤੁਰੰਤ ਦੁਬਾਰਾ ਚਾਲੂ ਕੀਤਾ ਜਾਵੇ ਅਤੇ ਸਕੂਲੀ ਰਿਕਾਰਡ ਤੇ ਆਧਾਰ ਕਾਰਡ ਨੂੰ ਅਧਾਰ ਮੰਨ ਕੇ ਜਨਮ ਸਰਟੀਫਿਕੇਟ ਵਿਚ ਨਾਂਅ ਦਰਜ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣੋਂ ਬਚ ਸਕੇ।
ਪਿਛਲੀ ਖ਼ਬਰ ਕੁਲਵੰਤ ਸਿੰਘ ਸੰਧੂ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਵਰਕਾਮ ਪੱਛਮ ਜ਼ੋਨ ਦੇ ਕੰਪਿਊਟਰ ਆਪ੍ਰੇਟਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।