07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

'ਪੇਂਡੂ ਚੌਧਰ' ਲਈ ਅਕਾਲੀ ਦਲ 'ਚ ਐਸ.ਸੀ. ਰਾਜਨੀਤੀ ਦੇ ਸਮੀਕਰਨ ਬਣੇ ਦਿਲਚਸਪ

ਅਜੀਤ ਡੈਸਕ 22-02-2026
ਮੰਡੀ ਕਿੱਲਿਆਂਵਾਲੀ, 21 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)- ਪੰਚਾਇਤ ਸੰਮਤੀ ਲੰਬੀ ਦੇ ਚੇਅਰਮੈਨ ਦਾ ਅਹੁਦਾ ਐਸ.ਸੀ. ਮਹਿਲਾ ਅਤੇ ਉਪ ਚੇਅਰਮੈਨ ਦਾ ਅਹੁਦਾ ਐਸ.ਸੀ. ਵਰਗ ਲਈ ਰਾਖਵਾਂ ਹੋਣ ਕਾਰਨ ਲੰਬੀ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਅੰਦਰ ਸਿਆਸੀ ਸਮੀਕਰਨ ਦਿਲਚਸਪ ਬਣ ਗਏ ਹਨ | ਚੇਅਰਮੈਨ ਅਹੁਦੇ ਲਈ ਅਕਾਲੀ ਦਲ ਦੀਆਂ ਐਸ.ਸੀ. ਮਹਿਲਾ ਜ਼ੋਨਾਂ ਤੋਂ ਜੇਤੂ ਪੰਜ ਮਹਿਲਾ ਮੈਂਬਰਾਂ ਅਤੇ ਉਪ-ਚੇਅਰਮੈਨ ਲਈ ਚਾਰ ਮੈਂਬਰਾਂ ਵਿਚਕਾਰ ਅੰਦਰਖਾਤੇ ਦੌੜ-ਭੱਜ ਤੇਜ਼ ਹੋ ਗਈ ਹੈ | ਪੰਚਾਇਤ ਸੰਮਤੀ ਲੰਬੀ ਦੇ 25 ਵਿਚੋਂ 20 ਜ਼ੋਨ ਸ਼੍ਰੋਮਣੀ ਅਕਾਲੀ ਦਲ ਕੋਲ ਹਨ | ਸੱਤਾ-ਪੱਖ ਆਪ ਦੇ ਚਾਰ ਅਤੇ ਕਾਂਗਰਸ ਦਾ ਇਕ ਮੈਂਬਰ ਹੈ | ਸਪੱਸ਼ਟ ਬਹੁਮਤ ਦੇ ਮੱਦੇਨਜ਼ਰ ਦੋਵੇਂ ਅਹੁਦਿਆਂ ਦੀ ਚੋਣ ਸੌ ਫ਼ੀਸਦੀ ਅਕਾਲੀ ਦਲ ਦੇ ਜੇਤੂ ਮੈਂਬਰਾਂ 'ਤੇ ਨਿਰਭਰ ਹੈ | ਚੇਅਰਮੈਨ ਲਈ ਜ਼ੋਨ ਬਾਦਲ ਤੋਂ ਰਾਜਿੰਦਰਪਾਲ ਕੌਰ, ਕਿੱਲਿਆਂਵਾਲੀ ਤੋਂ ਪੂਜਾ ਰਾਣੀ, ਫ਼ਤਿਹਪੁਰ ਮਣੀਆਂ ਤੋਂ ਕੁਲਵਿੰਦਰ ਕੌਰ, ਮਹਿਮੂਦ ਖੇੜਾ ਤੋਂ ਚੰਦ ਕੌਰ ਅਤੇ ਕੋਲਿਆਂਵਾਲੀ ਤੋਂ ਗੁਰਮੀਤ ਕੌਰ ਦਾਅਵੇਦਾਰ ਹਨ | ਇਨ੍ਹਾਂ ਦੇ ਸਮਰਥਕਾਂ ਵਲੋਂ ਹਾਈਕਮਾਂਡ ਕੋਲ ਆਪੋ-ਆਪਣੇ ਉਮੀਦਵਾਰਾਂ ਦੀ ਪਰਚੀ ਕਢਵਾਉਣ ਦੀ ਕੋਸ਼ਿਸ਼ਾਂ ਜਾਰੀ ਹਨ | ਉਪ-ਚੇਅਰਮੈਨ ਲਈ ਆਧਨੀਆਂ ਤੋਂ ਮੇਜਰ ਸਿੰਘ, ਬੁਰਜ ਸਿੰਧਵਾ ਤੋਂ ਜਸਵਿੰਦਰ ਸਿੰਘ, ਸਰਾਵਾਂ ਬੋਦਲਾ ਤੋਂ ਅਮਰ ਸਿੰਘ ਅਤੇ ਰਾਣੀਵਾਲਾ ਤੋਂ ਸੋਨੂ ਸਿੰਘ ਵਿਚ ਖਿੱਚੋਤਾਣ ਹੈ | ਜ਼ਿਕਰਯੋਗ ਹੈ ਕਿ ਲੰਬੀ ਵਿਚ ਆਮ ਤੌਰ 'ਤੇ ਅਕਾਲੀ ਦਲ ਵਿਚ ਜਨਰਲ ਵਰਗ ਆਗੂਆਂ ਦਾ ਮਜ਼ਬੂਤ ਦਬਦਬਾ ਮੰਨਿਆ ਜਾਂਦਾ ਹੈ, ਪਰ ਦੋਵੇਂ ਅਹੁਦੇ ਐਸ.ਸੀ. ਵਰਗ ਦੇ ਖਾਤੇ ਹੋਣ ਅਤੇ ਚੋਣ ਵਰ੍ਹਾ ਹੋਣ ਕਾਰਨ ਸਿਆਸੀ ਦਿ੍ਸ਼ ਬਦਲਿਆ ਹੈ | ਵੇਖਣਾ ਹੋਵੇਗਾ ਕਿ ਹਲਕਾ ਲੀਡਰਸ਼ਿਪ ਆਪਣੇ ਸਿਆਸੀ ਪ੍ਰਭਾਵ ਤਹਿਤ ਇਨ੍ਹਾਂ ਅਹੁਦਿਆਂ 'ਤੇ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਬਿਠਾਉਂਦੀ ਹੈ ਜਾਂ ਪਾਰਟੀ ਹਾਈਕਮਾਂਡ ਸਿੱਧੇ ਤੌਰ 'ਤੇ ਐਸ.ਸੀ. ਵਰਗ 'ਚ ਪਕੜ ਮਜ਼ਬੂਤ ਕਰਨ ਲਈ ਕੋਈ ਆਜ਼ਾਦਾਨਾ ਫ਼ੈਸਲਾ ਲੈਂਦੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਇਸ ਸਬੰਧੀ ਫ਼ੈਸਲਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੇਤੂ ਬਲਾਕ ਸੰਮਤੀ ਮੈਂਬਰਾਂ ਨਾਲ ਮੀਟਿੰਗ ਕਰਕੇ ਹਲਕਾ ਲੀਡਰਸ਼ਿਪ ਦੀ ਸਲਾਹ ਨਾਲ ਛੇਤੀ ਫੈਸਲਾ ਲਿਆ ਜਾਵੇਗਾ |
ਪਿਛਲੀ ਖ਼ਬਰ ਰੁਪਿੰਦਰ ਸਿੰਘ ਡੋਹਕ ਭਾਕਿਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ 21 ਧੀਆਂ ਦਾ ਸਮੂਹਿਕ ਕੰਨਿਆਦਾਨ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।