ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਸ.ਐਮ.ਓ. ਨਾਭਾ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
15-07-2026
ਇਸ ਰੋਸ਼ ਮੁਜਾਹਰੇ ’ਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਕਰਮਚਾਰੀ ਜਿਵੇਂ ਕਿ ਡੇਲੀਵੇਜਿਜ, ਠੇਕੇਦਾਰ ਸਿਸਟਮ, ਆਊਟਸੋਰਸ ਕਾਮਿਆਂ ਨਾਲ ਪਿਛਲੇ ਲੰਮੇ ਸਮੇਂ ਤੋਂ ਹੋ ਰਹੇ ਸੋਸ਼ਣ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਵਿਸ਼ੇਸ਼ ਤੌਰ ’ਤੇ ਐਸ.ਐਮ.ਓ. ਨਾਭਾ ਵਲੋਂ ਜਥੇਬੰਦੀਆਂ ਦੇ ਚਿੱਠੀ ਪੱਤਰ ਨੂੰ ਅਣਦੇਖਾ ਕੀਤਾ ਜਾ ਰਿਹਾ ਸੀ, ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਜਾ ਰਿਹਾ ਸੀ। ਇਸ ਕਰਕੇ ਇਸ ਰੋਸ ਮੁਜਾਹਰੇ ’ਚ ਐਸ.ਐਮ.ਓ. ਨਾਭਾ ਖ਼ਿਲਾਫ਼ ਵੀ ਕਾਮਿਆਂ ਵਲੋਂ ਨਾਅਰੇਬਾਜੀ ਕੀਤੀ ਗਈ। ਜਿਵੇਂ ਕਿ ਸਰਕਾਰ ਵਲੋਂ ਹੁਕਮ ਹੋਏ ਹਨ ਕਿ ਜਿੰਨੇ ਵੀ ਡੇਲੀਵੇਜਿਜ, ਠੇਕੇਦਾਰ ਸਿਸਟਮ, ਆਊਟਸੋਰਸ ’ਤੇ ਕੰਮ ਕਰ ਰਹੇ ਕਾਮਿਆਂ ਦਾ ਡਾਟਾ ਸਰਕਾਰ ਵਲੋਂ ਮੰਗਿਆ ਗਿਆ ਸੀ ਪ੍ਰੰਤੂ ਸਿਵਲ ਹਸਪਤਾਲ ਨਾਭਾ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਵਲੋਂ ਅੱਜ ਤੱਕ ਨਾ ਸੀਨੀਆਰਤਾ ਸੂਚੀ ਬਣਾਈ ਗਈ ਹੈ ਅਤੇ ਨਾ ਹੀ ਕੱਚੇ ਕਰਮਚਾਰੀਆਂ ਦਾ ਡਾਟਾ ਅਪਲੋਡ ਕਰਕੇ ਸਰਕਾਰ ਨੂੰ ਭੇਜਿਆ ਗਿਆ। ਸਭ ਤੋਂ ਵੱਡੀ ਗੱਲ ਜਥੇਬੰਦੀ ਦੇ ਧਿਆਨ ’ਚ ਆਈ ਹੈ ਕਿ ਇੱਥੇ ਦੇ ਕੱਚੇ ਕਰਮਚਾਰੀਆਂ ਨੂੰ ਲੰਮੇ ਸਮੇਂ ਤੋਂ ਜੋ ਤਨਖਾਹਾਂ ਮਿਲ ਰਹੀਆਂ ਹਨ ਜਿਵੇਂ ਕਿ 2500/- ਰੁਪਏ ਤੋਂ ਲੈਕੇ 8000/- ਰੁਪਏ ਦੇ ਵਿਚ-ਵਿਚ ਦਿੱਤੀਆਂ ਜਾ ਰਹੀਆਂ ਸੀ, ਜਦਕਿ ਡੀ.ਸੀ.ਰੇਟ ਤੋਂ ਬਿਲਕੁਲ ਉਲਟ ਹੈ ਤਾਂ ਜਥੇਬੰਦੀ ਵਲੋਂ ਮੰਗ ਰੱਖੀ ਗਈ ਹੈ ਕਿ ਇਨ੍ਹਾਂ ਕੱਚੇ ਕਰਮਚਾਰੀਆਂ ਦਾ ਡਾਟਾ ਅਪਲੋਡ ਕਰਕੇ ਅਤੇ ਇਨ੍ਹਾਂ ਨੂੰ ਡੀ.ਸੀ. ਰੇਟ ਦਿੱਤਾ ਜਾਵੇ। ਜਥੇਬੰਦੀ ਵਲੋਂ ਵਾਰ-ਵਾਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਵਿਚ ਮਹਿੰਗਾਈ ਭੱਤਾ, ਪੁਰਾਣੀ ਪੈਨਸ਼ਨ ਬਹਾਲ ਕਰਨਾ ਅਤੇ ਘੱਟੋ-ਘੱਟ ਉਜਰਤ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਜਥੇਬੰਦੀ ਵਲੋਂ ਮੰਗ ਕੀਤੀ ਗਈ ਸਿਵਲ ਹਸਪਤਾਲ ਨਾਭਾ ਵਿਚ ਨਵੀਂ ਬਣੀ ਬਿਲਡਿੰਗ ਵਿਚ ਘੱਟੋ-ਘੱਟ 30 ਦਰਜਾ ਚਾਰ ਕਾਮੇ ਦੀਆਂ ਖਾਲੀ ਪਈਆਂ ਆਸਾਮੀਆਂ ’ਤੇ ਤਾਇਨਾਤ ਕੀਤੇ ਜਾਣ ਤਾਂ ਜੋ ਘੱਟ ਗਿਣਤੀ ਵਿਚ ਕੰਮ ਕਰਦੇ ਕਾਮਿਆਂ ’ਤੇ ਬੋਝ ਘੱਟ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ, ਵਰਿੰਦਰ ਗਾਗਟ (ਗੋਲਡੀ), ਰਾਜਨ, ਗੁਰਵਿੰਦਰ ਸਿੰਘ, ਕਰਮਜੀਤ ਰਾਮਗੜੀਆ, ਸੁਖਵਿੰਦਰ ਸਿੰਘ (ਭਿੰਦੀ), ਪੂਜਾ, ਸੁਖਪ੍ਰੀਤ ਕੌਰ, ਮਨਜੀਤ ਕੌਰ, ਰਾਣੀ ਆਦਿ ਵਰਕਰ ਹਾਜ਼ਰ ਸਨ।