ਛੋਟੀ ਤੇ ਵੱਡੀ ਨਦੀ ਦੀ ਸਫ਼ਾਈ ਨਾ ਹੋਣਾ ਬਰਸਾਤਾਂ ’ਚ ਪੈ ਸਕਦਾ ਹੈ ਭਾਰੂ
ਅਜੀਤ ਡੈਸਕ
24-06-2026
ਪਟਿਆਲਾ, 23 ਜੂਨ-ਨਗਰ ਨਿਗਮ ਦੀ ਹਦੂਦ ਵਿਚੋਂ ਨਿਕਲਦੀ ਛੋਟੀ ਅਤੇ ਵੱਡੀ ਨਦੀ ਕਾਰਨ ਲੰਘੇ ਸਮੇਂ ਦੌਰਾਨ ਪਟਿਆਲਵੀ ਪਰੇਸ਼ਾਨ ਰਹੇ ਇਸ ਵਾਰ ਵੀ ਇਸ ਦੀ ਸਫ਼ਾਈ ਨਾ ਹੋਣ ਕਾਰਨ ਇਸ ਦੇ ਆਲ਼ੇ ਦੁਆਲੇ ਰਹਿੰਦੇ ਕਾਲੋਨੀ ਵਾਸੀਆਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਇਸ ਦੇ ਸੁੰਦਰੀਕਰਨ ਦੇ ਨਾਮ ਉੱਪਰ ਵੀ ਕਰੋੜਾਂ ਰੁਪਿਆ ਖ਼ਰਚਿਆ ਗਿਆ ਜੋ ਮੌਜੂਦਾ ਸਮੇਂ ਅਧਵਿਚਾਲੇ ਹੀ ਲਟਕ ਅਵਸਥਾ ਵਿਚ ਪਿਆ ਹੈ। ਲੱਗਿਆ ਹੋਇਆ ਰੁਪਿਆ ਫਿਰ ਉਸੇ ਤਰਾਂ ਮਿੱਟੀ ਬਣਦਾ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਅਤੇ ਹੁਕਮਰਾਨ ਧਿਰ ਦੇ ਆਗੂਆਂ ਵਲੋਂ ਇਸ ਦਾ ਸਮੇਂ-ਸਮੇਂ ’ਤੇ ਦੌਰਾ ਕਰ ਇਸ ਦੀ ਸਫ਼ਾਈ ਦਾ ਐਲਾਨ ਵੀ ਕੀਤਾ ਜਾਂਦਾ ਹੈ ਪ੍ਰੰਤੂ ਇਰੀਗੇਸ਼ਨ ਵਿਭਾਗ ਕੋਲੋਂ ਸਫ਼ਾਈ ਨਾ ਹੋਣ ਕਾਰਨ ਇਸ ਦਾ ਠੇਕਾ ਹਰ ਵਾਰ ਨਗਰ ਨਿਗਮ ਪਟਿਆਲਾ ਨੂੰ ਦਿੱਤਾ ਜਾਂਦਾ ਹੈ। ਬਰਸਾਤ ਦਾ ਮੌਸਮ ਹੋਣ ਕਾਰਨ ਨਿਗਮ ਠੇਕੇਦਾਰ ਵਲੋਂ ਵੀ ਇਸ ਵਿਚ ਮਿਹਨਤ ਨਾਲ ਬੂਟੀ ਕੱਢਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰੰਤੂ ਉਸ ਦੀਆਂ ਮਸ਼ੀਨਾਂ ਵੀ ਉਸ ਵੇਲੇ ਜਵਾਬ ਦੇ ਜਾਂਦੀਆਂ ਨੇ ਜਦੋਂ ਬਰਸਾਤੀ ਪਾਣੀ ਪਿੱਛੋਂ ਆ ਢੁੱਕਦਾ ਹੈ। ਇਸ ਦੇ ਆਲ਼ੇ ਦੁਆਲੇ ਰਹਿਣ ਵਾਲੀਆਂ ਕਾਲੋਨੀਆਂ ਦੇ ਵਸਨੀਕਾਂ ਦੀ ਸੁਣੀਏ ਤਾਂ ਉਨਾਂ ਦੀ ਮੰਗ ਹੈ ਕਿ ਇਹ ਬੂਟੀ ਜਾਂ ਇਸ ਦੀ ਸਫ਼ਾਈ ਜੁਲਾਈ ਤੋਂ ਚਾਰ ਮਹੀਨੇ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ। ਇਸ ਦੀ ਸਫ਼ਾਈ ਨਾ ਹੋਣ ਕਾਰਨ ਪਿੱਛੋਂ ਆਉਂਦੇ ਬਰਸਾਤੀ ਪਾਣੀ ਨੇ ਲੰਘੇ ਸਮੇਂ ਦੌਰਾਨ ਪਟਿਆਲਵੀਆਂ ਦਾ ਕਾਫ਼ੀ ਨੁਕਸਾਨ ਕੀਤਾ ਜਿਸ ਕਾਰਨ ਇੱਥੇ ਲੋਕਾਂ ਨੂੰ ਕੈਂਪ ਲਵਾ ਕੇ ਵੀ ਜ਼ਿਲਾ ਪ੍ਰਸ਼ਾਸਨ ਵਲੋਂ ਰੱਖਿਆ ਗਿਆ ਸੀ। ਇਨਾਂ ਸਭ ਹੋਣ ਦੇ ਬਾਵਜੂਦ ਵੀ ਸਮੇਂ ਸਿਰ ਇਸ ਦੀ ਸਫ਼ਾਈ ਨਾ ਕਰਨਾ ਕਿਤੇ ਨਾ ਕਿਤੇ ਸੰਬੰਧਿਤ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਵੱਲ ਇਸ਼ਾਰਾ ਕਰਦਾ ਹੈ। ਮੌਜੂਦਾ ਸਮੇਂ ਇਸ ਨਦੀ ’ਤੇ ਜਾਣ ਤੋਂ ਬਾਅਦ ਦੇਖਿਆ ਗਿਆ ਕਿ ਕਈ ਥਾਵਾਂ ਦੇ ਉੱਪਰ ਇਹ ਬੂਟੀ ਜਿਸ ਕਾਰਨ ਪਿੱਛੋਂ ਬਰਸਾਤੀ ਪਾਣੀ ਨੂੰ ਡਾਫ਼ ਲੱਗਦੀ ਹੈ ਜਿਉਂ ਦੀ ਤਿਉਂ ਖੜੀ ਹੈ। ਇਸ ਨੂੰ ਮੌਜੂਦਾ ਸਮੇਂ ਕਿਸੇ ਤਰਾਂ ਵੀ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ ਨਗਰ ਨਿਗਮ ਦੀਆਂ ਕਈ ਕਾਲੋਨੀਆਂ ਦਾ ਪਾਣੀ ਸੀਵਰੇਜ ਦਾ ਪਾਣੀ ਤੇ ਹੋਰ ਗੰਦਾ ਪਾਣੀ ਸਿੱਧਾ ਇਸ ਨਦੀ ਵਿਚ ਗਿਰ ਰਿਹਾ ਹੈ ਜਿਸ ਕਾਰਨ ਇਹ ਬੂਟੀ ਅੱਗੇ ਤਾਂ ਨਹੀਂ ਜਾ ਰਹੀ ਪਰੰਤੂ ਮੌਜੂਦਾ ਸਮੇਂ ਵੱਡੀ ਮਾਤਰਾ ਵਿਚ ਉੱਥੇ ਹੀ ਵਧ ਰਹੀ ਹੈ। ਦੂਜੇ ਪਾਸੇ ਨਗਰ ਨਿਗਮ ਵਲੋਂ ਆਪਣੀ ਹਦੂਦ ਅੰਦਰ ਪੈਂਦੀਆਂ ਡਰੇਨਾਂ ਆਦਿ ਦੀ ਸਫ਼ਾਈ ਲਈ ਜਿੱਥੇ ਟੈਂਡਰ ਲਗਾਏ ਗਏ ਉੱਥੇ ਸਫ਼ਾਈ ਮੁਹਿੰਮ ਜ਼ੋਰ ਸ਼ੋਰ ਨਾਲ ਚੱਲਦੀ ਵੀ ਦਿੱਖ ਰਹੀ ਹੈ। ਇਨਾਂ ਦੋਹਾਂ ਨਦੀਆਂ ਦੀ ਜੋ ਪਟਿਆਲੇ ਦੀ ਹਦੂਦ ਦੇ ਨਾਲ ਅਤੇ ਵਿਚੋਂ ਨਿਕਲਦੀਆਂ ਹਨ ਦੀ ਸਮੇਂ ਸਿਰ ਸਫ਼ਾਈ ਆਦਿ ਨਾ ਹੋਣ ਕਾਰਨ ਅਗਰ ਕਿਸੇ ਕਿਸਮ ਦਾ ਨੁਕਸਾਨ ਬਰਸਾਤੀ ਪਾਣੀ ਆਲ਼ੇ ਦੁਆਲੇ ਵਾਲੀਆਂ ਕਾਲੋਨੀਆਂ ਵਿਚ ਕਰਦਾ ਹੈ ਤਾਂ ਇਸ ਦਾ ਸਿੱਧਾ ਜ਼ਿੰਮੇਵਾਰ ਜ਼ਿਲਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਨੂੰ ਕਿਹਾ ਜਾਵੇ ਤਾਂ ਕੋਈ ਗ਼ਲਤ ਨਹੀਂ ਲੱਗਦਾ।