ਪਟਿਆਲਾ, 30 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ 12ਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਅੱਜ ਉਤਸ਼ਾਹ ਨਾਲ ਸ਼ੁਰੂ ਹੋ ਗਿਆ | ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਅਤੇ ਪੰਜਾਬੀ ਵਿਭਾਗ ਵਲੋਂ ਕਰਵਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੁਸਤਕ ਮੇਲਾ ਕੇਵਲ ਕਿਤਾਬਾਂ ਦੀ ਪ੍ਰਦਰਸ਼ਨੀ ਨਹੀਂ ਹੁੰਦਾ, ਸਗੋਂ ਪਾਠਕਾਂ ਅਤੇ ਗਿਆਨ ਦੇ ਭੰਡਾਰ ਵਿਚਕਾਰ ਇਕ ਜੀਵੰਤ ਰਿਸ਼ਤਾ ਕਾਇਮ ਕਰਨ ਦਾ ਸਬੱਬ ਹੁੰਦਾ ਹੈ | ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਦੇ ਬਾਵਜੂਦ ਕਿਤਾਬਾਂ ਦੇ ਪ੍ਰਤੱਖ ਹਾਰਡ ਕਾਪੀ ਰੂਪ ਦੀ ਆਪਣੀ ਇਕ ਵਿਸ਼ੇਸ਼ ਮਹੱਤਤਾ ਹੈ, ਜੋ ਵਿਦਿਆਰਥੀਆਂ ਅਤੇ ਖੋਜਾਰਥੀਆਂ 'ਚ ਡੂੰਘੀ ਪੜ੍ਹਨ-ਰੁਚੀ ਪੈਦਾ ਕਰਦੀ ਹੈ | ਇਸ ਸਮਾਗਮ ਦਾ ਆਰੰਭ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਵਲੋਂ ਗੁਰਬਾਣੀ ਕੀਰਤਨ ਨਾਲ ਹੋਇਆ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਅਤੇ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਡਾ. ਹਰਿੰਦਰਪਾਲ ਸਿੰਘ ਖਾਲੜਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੁੱਖ ਭਾਸ਼ਣ ਦਿੰਦਿਆਂ ਪ੍ਰਸਿੱਧ ਲੇਖਕ ਤੇ ਅਨੁਵਾਦਕ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਕਿਤਾਬਾਂ ਪੜ੍ਹਨਾ ਕੇਵਲ ਸ਼ੌਕ ਨਹੀਂ, ਸਗੋਂ ਜੀਵਨ ਜਿਊਣ ਦੀ ਇਕ ਤਹਿਜ਼ੀਬ ਹੈ | ਮੁੱਖ ਮਹਿਮਾਨ ਪ੍ਰੋ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਮੇਲੇ ਦਾ ਕਰਵਾਉਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੀ ਨਵੀਂ ਪੀੜ੍ਹੀ ਅੰਦਰ ਅਜੇ ਵੀ ਪੜ੍ਹਨ ਦੀ ਚੇਟਕ ਜਿਉਂਦੀ ਹੈ | ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਰਘਬੀਰ ਸਿੰਘ ਸਿਰਜਣਾ ਨੇ ਕਿਹਾ ਕਿ ਅਜੋਕੇ ਸਮੇਂ 'ਚ ਪੁਸਤਕ ਸਭਿਆਚਾਰ ਨੂੰ ਬਚਾਉਣਾ ਇਕ ਵੱਡੀ ਚੁਣੌਤੀ ਹੈ | ਇਸ ਮੌਕੇ ਸਰਦਾਰ ਪੰਛੀ, ਓਮ ਪ੍ਰਕਾਸ਼ ਗਾਸੋ, ਕਿਰਪਾਲ ਸਿੰਘ ਪੰਨੂੰ, ਕਾਨਾ ਸਿੰਘ ਅਤੇ ਡਾ. ਕਮਲੇਸ਼ ਉੱਪਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਮੇਲੇ ਵਿਚ ਕੁੱਲ 111 ਸਟਾਲ ਲਗਾਏ ਗਏ ਹਨ, ਜਿਨ੍ਹਾਂ ਵਿਚੋਂ 89 ਸਟਾਲ ਵਿਸ਼ੇਸ਼ ਤੌਰ 'ਤੇ ਪੁਸਤਕਾਂ ਲਈ ਹਨ | ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉਤਰ ਪ੍ਰਦੇਸ ਦੇ ਨਾਮਵਰ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਇਸ ਮੇਲੇ 'ਚ ਹਿੱਸਾ ਲੈ ਰਹੇ ਹਨ | ਪੰਜਾਬੀ ਯੂਨੀਵਰਸਿਟੀ ਦੇ ਆਪਣੇ ਪਬਲੀਕੇਸ਼ਨ ਬਿਊਰੋ ਵਲੋਂ 4 ਸਟਾਲ ਲਗਾਏ ਗਏ ਹਨ, ਜਿੱਥੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ 800 ਤੋਂ ਵੱਧ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ | ਮੇਲੇ ਦੇ ਪਹਿਲੇ ਦਿਨ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਸਟਾਲਾਂ ਤੋਂ ਆਪਣੀ ਪਸੰਦ ਦੀਆਂ ਪੁਸਤਕਾਂ ਖ਼ਰੀਦੀਆਂ | ਇਹ ਸਮਾਗਮ ਯੂਨੀਵਰਸਿਟੀ ਦੇ ਭਾਸ਼ਾਵਾਂ ਨਾਲ ਸੰਬੰਧਿਤ ਅਤੇ ਹੋਰ ਵਿਭਾਗਾਂ ਤੋਂ ਇਲਾਵਾ ਵੇਰਕਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ |