17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਟਿਆਲਾ-ਮਲੇਰਕੋਟਲਾ ਵਾਇਆ ਨਾਭਾ ਰੂਟ 'ਤੇ ਬੱਸ ਸਰਵਿਸ ਦਾ ਮੰਦੜਾ ਹਾਲ

ਅਜੀਤ ਡੈਸਕ 31-03-2026
ਨਾਭਾ, 30 ਮਾਰਚ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਲੋਕਾਂ ਨੂੰ ਹੁਣ ਆਪਣਾ ਰੋਜਾਨਾ ਦਾ ਸਫ਼ਰ ਸੂਬਾ ਸਰਕਾਰ ਦੀਆਂ ਰੈਲੀਆਂ ਦੇ ਅਨੁਸਾਰ ਹੀ ਬਣਾਉਣਾ ਪਵੇਗਾ, ਕਿਉਂ ਜੋ ਜਦੋਂ ਵੀ ਕੋਈ ਸਰਕਾਰ ਦੀ ਰੈਲੀ ਹੁੰਦੀ ਹੈ ਤਾਂ ਲੋਕਾਂ ਨੂੰ ਬੱਸ ਅੱਡਿਆਂ 'ਤੇ ਖੱਜਲ ਖੁਆਰ ਹੋਣਾ ਪੈਂਦਾ ਹੈ | ਨਾਭਾ ਸਥਿਤ ਨਵੇਂ ਬੱਸ ਅੱਡੇ ਉੱਪਰ ਜਿੱਥੇ ਪਿਛਲੇ ਕਰੀਬ ਦੋ ਘੰਟੇ ਤੋਂ ਸਵਾਰੀਆਂ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਹਨ ਪਰ ਪੀ.ਆਰ.ਟੀ.ਸੀ. ਦੀਆਂ ਬੱਸਾਂ ਸੂਬਾ ਸਰਕਾਰ ਦੀ ਪਟਿਆਲਾ ਜ਼ਿਲ੍ਹੇ ਵਿਚ ਹੋ ਰਹੀ ਰੈਲੀ ਵਿਚ ਚਲੀ ਗਈਆ ਹਨ ਜਿਸ ਕਰਕੇ ਸੈਂਕੜੇ ਵਿਦਿਆਰਥੀਆਂ ਨੂੰ ਆਪਣੇ ਪੇਪਰਾਂ ਤੋਂ ਹੱਥ ਧੋਣਾ ਪੈ ਸਕਦਾ ਹੈ ਕਿਉਂਕਿ ਅੱਜ ਉਨ੍ਹਾਂ ਦਾ ਪੇਪਰ ਸੀ, ਦੇ ਬਾਵਜੂਦ ਪਟਿਆਲਾ ਜਾਣ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਬੱਸਾਂ ਨਹੀਂ ਮਿਲ ਰਹੀਆਂ | ਇੱਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੋਜਾਨਾ ਜਾਣਾ ਪੈਂਦਾ ਹੈ ਪਰ ਸਰਕਾਰੀ ਬੱਸਾਂ ਨਾ ਆਉਣ ਕਰਕੇ ਉਨ੍ਹਾਂ ਨੂੰ ਵੀ ਆਪਣੇ ਇਲਾਜ ਲਈ ਹੋਰਨਾਂ ਦਿਨਾਂ ਵਿਚ ਪਵੇਗਾ ਕਿਉਂਕਿ ਸੂਬਾ ਸਰਕਾਰ ਨੇ ਰੈਲੀ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਰਤੀਆਂ ਹਨ | ਹੋਰਨਾ ਵਿਰੋਧੀ ਪਾਰਟੀਆਂ ਵਲੋਂ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਉਨ੍ਹਾਂ ਪਾਰਟੀਆਂ ਵਲੋਂ ਪ੍ਰਾਈਵੇਟ ਸਾਧਨਾਂ ਜਾਂ ਪ੍ਰਾਈਵੇਟ ਬੱਸਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ, ਦੇ ਬਾਵਜੂਦ ਜਦੋਂ ਵੀ ਸਰਕਾਰ ਦੀ ਕੋਈ ਰੈਲੀ ਆਉਂਦੀ ਹੈ ਤਾਂ ਪੰਜਾਬ ਦੇ ਰੋਜਾਨਾ ਸਫ਼ਰ ਕਰਨ ਵਾਲੇ ਲੋਕ ਪ੍ਰਭਾਵਿਤ ਹੋ ਜਾਂਦੇ ਹਨ | ਨਾਭਾ ਤੋਂ ਪਟਿਆਲਾ-ਨਾਭਾ ਤੋਂ ਮਲੇਰਕੋਟਲਾ ਬੱਸ ਸਰਵਿਸ ਜ਼ਿਆਦਾਤਰ ਸਰਕਾਰੀ ਬੱਸਾਂ 'ਤੇ ਨਿਰਭਰ ਹੈ | ਜਿੱਥੇ ਤਕਰੀਬਨ 100 ਬੱਸਾਂ ਰੋਜਾਨਾ ਤਿੰਨ ਤੋਂ ਚਾਰ ਚੱਕਰ ਲਗਾਉਂਦੀਆਂ ਹਨ ਪਰ ਸਰਕਾਰੀ ਰੈਲੀ ਵਿਚ ਬੱਸਾਂ ਭੇਜਣ ਕਰਕੇ ਲੋਕਾਂ ਨੂੰ ਕਈ-ਕਈ ਘੰਟੇ ਬੱਸ ਅੱਡਿਆਂ 'ਤੇ ਬੱਸਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ | ਬੱਸ ਸਾਡਿਆਂ 'ਤੇ ਖੜ੍ਹੇ ਲੋਕ ਸਰਕਾਰ ਤੋਂ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਤੋਂ ਇਕੱਠਾ ਕੀਤਾ ਟੈਕਸ ਦਾ ਪੈਸਾ ਸਰਕਾਰੀ ਰੈਲੀਆਂ ਵਿਚ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ ਜੇਕਰ ਸਰਕਾਰ ਨੇ ਰੈਲੀਆਂ ਕਰਨੀਆਂ ਹਨ ਤਾਂ ਆਪਣੇ ਪ੍ਰਾਈਵੇਟ ਸਾਧਨਾਂ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਜਾਂਦਾ |
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੱਸ ਸਾਡੇ ਉੱਪਰ ਖੜ੍ਹੇ ਵਿਦਿਆਰਥੀਆਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਪਟਿਆਲਾ ਵਿਖੇ ਆਪਣਾ ਪੇਪਰ ਦੇਣ ਜਾਣਾ ਸੀ ਪਰ ਪਿਛਲੇ ਦੋ ਘੰਟੇ ਤੋਂ ਉਹ ਬੱਸਾਂ ਦਾ ਇੰਤਜ਼ਾਰ ਕਰ ਰਹੇ ਹਨ | ਉਨ੍ਹਾਂ ਨੇ ਸੂਬਾ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੇ ਰੈਲੀਆਂ ਕਰਨੀਆਂ ਵੀ ਹਨ ਤਾਂ ਘੱਟੋ-ਘੱਟ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਇਸਤੇਮਾਲ ਨਾ ਕੀਤਾ ਜਾਵੇ ਤਾਂ ਜੋ ਉਹ ਪ੍ਰੇਸ਼ਾਨ ਨਾ ਹੋਣ | ਰਾਜਿੰਦਰਾ ਹਸਪਤਾਲ ਜਾਣ ਵਾਲੇ ਮਰੀਜ਼ਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਪਟਿਆਲਾ ਜਾਣਾ ਪੈਂਦਾ ਹੈ ਪਰ ਸਰਕਾਰੀ ਬੱਸਾਂ ਨਾ ਹੋਣ ਕਰਕੇ ਉਹ ਬਹੁਤ ਪ੍ਰੇਸ਼ਾਨ ਹਨ | ਡਾਇਲੈਸਿਸ ਦਾ ਇਲਾਜ ਕਰਵਾ ਰਹੇ ਇਕ ਮਰੀਜ਼ ਨੇ ਕਿਹਾ ਕਿ ਉਨ੍ਹਾਂ ਨੇ ਰਾਜਪੁਰਾ ਹਫ਼ਤੇ ਵਿਚ ਦੋ ਵਾਰ ਜਾਣਾ ਪੈਂਦਾ ਹੈ ਪਰ ਸਰਕਾਰੀ ਬੱਸਾਂ ਨਾ ਆਉਣ ਕਰਕੇ ਉਹ ਪਿਛਲੇ ਦੋ ਘੰਟੇ ਤੋਂ ਬੱਸ ਦਾ ਇੰਤਜ਼ਾਰ ਕਰ ਰਹੇ ਹਨ | ਪਰਮਜੀਤ ਸਿੰਘ ਪੰਮਾ ਗੁਰਦਿਤਪੁਰਾਂ ਨੇ ਕਿਹਾ ਕਿ ਗਲਵੱਟੀ ਬੱਸ ਅੱਡੇ 'ਤੇ ਬਹੁਤ ਹੀ ਘੱਟ ਬੱਸਾਂ ਰੁਕਦੀਆਂ ਹਨ ਜਿਸ ਕਰਕੇ ਸਵਾਰੀਆਂ ਘੰਟਿਆਂ ਬੰਦੀ ਪਰੇਸ਼ਾਨ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਇਸ ਪਾਸੇ ਪੰਜਾਬ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਨਾਭਾ ਬੱਸ ਅੱਡੇ ਦੇ ਆਰਜ਼ੀ ਇੰਚਾਰਜ ਨੇ ਦੱਸਿਆ ਕਿ ਨਾਭਾ ਬੱਸ ਅੱਡੇ ਤੋਂ ਬੱਸਾਂ ਨੂੰ ਰੈਲੀ 'ਚ ਭੇਜਿਆ ਗਿਆ ਹੈ ਪਰ ਫਿਰ ਵੀ ਉਹ ਆਪਣੇ ਤੌਰ 'ਤੇ ਸਵਾਰੀਆਂ ਲਈ ਬੱਸਾਂ ਦਾ ਇੰਤਜ਼ਾਮ ਕਰ ਰਹੇ ਹਨ | ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਪਟਿਆਲਾ-ਮਲੇਰਕੋਟਲਾ ਬਾਇਆ ਨਾਭਾ ਰੂਟ 'ਤੇ ਬੱਸ ਸਰਵਿਸ ਵਿਚ ਸੁਧਾਰ ਹੋਵੇਗਾ ਜਾਂ ਫਿਰ ਰੋਜਾਨਾ ਸਫ਼ਰ ਕਰਨ ਵਾਲੇ ਲੋਕ ਇਸੇ ਤਰ੍ਹਾਂ ਹੀ ਖੱਜਲ ਖੁਆਰ ਹੁੰਦੇ ਰਹਿਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਦੇ ਅਹੁਦੇਦਾਰ ਦੀ ਕੀਤੀ ਚੋਣ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ 6 ਨੂੰ ਡੀ.ਸੀ. ਦਫਤਰ ਅੱਗੇ ਧਰਨੇ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।