30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ-ਪੱਕਣ 'ਤੇ ਆਈ ਸੋਨੇ ਰੰਗੀ ਕਣਕ ਲਈ ਮੀਂਹ ਬਣਿਆ ਆਫ਼ਤ

ਅਜੀਤ ਡੈਸਕ 30-03-2026
ਰਾਜਪੁਰਾ, 29 ਮਾਰਚ (ਰਣਜੀਤ ਸਿੰਘ)-ਹਲਕੇ ਵਿਚ ਕਣਕ ਦੀ ਫ਼ਸਲ ਐਨ ਪੱਕ ਕੇ ਵਢਾਈ ਲਈ ਤਿਆਰ ਹੋਈ ਪਈ ਹੈ ਪਰ ਅੱਜ ਸਵੇਰੇ ਪਈ ਬਾਰਸ਼ ਕਾਰਨ ਕਿਸਾਨਾਂ ਦੀ ਜਾਨ ਮੁੱਠੀ ਵਿਚ ਆ ਗਈ ਹੈ | ਕਿਸਾਨਾਂ ਦਾ ਸਾਰਾ ਦਾਰੋਮਦਾਰ ਕਣਕ ਦੀ ਫ਼ਸਲ 'ਤੇ ਹੀ ਟਿਕਿਆਂ ਹੁੰਦਾ ਹੈ | ਬਾਰਸ਼ ਕਾਰਨ ਪਹਿਲੀ ਅਪੈ੍ਰਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਦਾ ਗਣਿਤ ਵੀ ਕੁਦਰਤ ਦੀ ਕਰੋਪੀ ਨੇ ਵਿਗਾੜ ਦਿੱਤਾ ਹੈ ਅਤੇ ਹੁਣ ਵਿਖਾਈ ਦੇ ਰਿਹਾ ਹੈ ਕਿ ਪਹਿਲੀ ਅਪ੍ਰੈਲ ਤੋਂ ਮੰਡੀਆਂ ਵਿਚ ਰੌਣਕਾਂ ਲੱਗਣ ਦੇ ਅਸਾਰ ਬਾਰਸ਼ ਕਾਰਨ ਮੱਧਮ ਪੈ ਗਏ ਜਾਪ ਰਹੇ ਹਨ | ਜਾਣਕਾਰੀ ਮੁਤਾਬਿਕ ਹਲਕੇ ਵਿਚ ਕਣਕ ਦੀ ਫ਼ਸਲ ਐਨ ਵਢਾਈ ਦੇ ਨੇੜੇ ਪੁੱਜੀ ਹੋਈ ਹੈ | ਕਿਸਾਨਾਂ ਨੇ ਕਣਕ ਦੀ ਵਢਾਈ ਲਈ ਦਾਤੀਆਂ ਦੇ ਦੰਦੇ ਤਿੱਖੇ ਕਰਵਾ ਲਏ ਹਨ | ਇਸ ਦੇ ਨਾਲ ਹੀ ਕੁਦਰਤ ਰਾਣੀ ਨੇ ਮੌਸਮ ਦਾ ਮਿਜ਼ਾਜ ਵਿਗਾੜ ਦਿੱਤਾ ਹੈ | ਇਸ ਬਾਰਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ | ਇਸ ਸੰਬੰਧੀ ਵੱਖ ਵੱਖ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਬਾਰਸ਼ ਕਾਰਨ ਜਿੱਥੇ ਵਢਾਈ ਪਛੜ ਗਈ ਹੈ ਉੱਥੇ ਹੀ ਕਣਕ ਦਾ ਦਾਣਾ ਐਨ ਪੱਕਾ ਹੋਇਆ ਹੈ | ਬਾਰਸ਼ ਕਾਰਨ ਦਾਣੇ ਵਿਚ ਨਮੀ ਦੀ ਮਾਤਰਾ ਵੱਧ ਜਾਵੇਗੀ ਅਤੇ ਦਾਣਾ ਕਾਲਾ ਵੀ ਪੈ ਸਕਦਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਉਹ ਸੋਨੇ ਰੰਗੀ ਕਣਕ ਦੀ ਵਢਾਈ ਦੀਆਂ ਤਿਆਰੀਆਂ ਵਿਚ ਸਨ ਉੱਥੇ ਹੀ ਕੁਦਰਤ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਕਿਸਾਨਾਂ ਦੇ ਚਿਹਰਿਆਂ ਤੋਂ ਮੁਸਕਾਨ ਖੋਹ ਕੇ ਚਿੰਤਾ ਦੀਆਂ ਲਕੀਰਾਂ ਵਾਹ ਦਿੱਤੀਆਂ ਹਨ | ਕਿਸਾਨਾਂ ਨੂੰ ਡਰ ਹੈ ਕਿ ਜੇਕਰ ਬਾਰਸ਼ ਪੈਣ ਦੇ ਨਾਲ ਤੇਜ਼ ਹਵਾ ਚੱਲ ਗਈ ਤਾਂ ਕਣਕ ਖੇਤਾਂ ਵਿਚ ਹੀ ਡਿਗ ਜਾਵੇਗੀ | ਇਸ ਦਾ ਸਿੱਧਾ ਸੰਬੰਧ ਕਣਕ ਦੇ ਝਾੜ ਨਾਲ ਹੈ | ਕਿਸਾਨਾਂ ਨੇ ਦੱਸਿਆ ਕਿ ਕਣਕ ਦੇ ਦਾਣੇ ਦੀ ਚਮਕ ਵੀ ਫਿੱਕੀ ਪੈ ਜਾਵੇਗੀ ਅਤੇ ਮੰਡੀਆਂ ਵਿਚ ਸਰਕਾਰੀ ਖ਼ਰੀਦ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੰੂ ਆਸ ਸੀ ਕਿ ਪਹਿਲੀ ਅਪੈ੍ਰਲ ਤੋਂ ਖੇਤਾਂ ਵਿਚ ਕੰਬਾਈਨਾਂ ਦੀ ਗੂੰਜ ਸੁਣਾਈ ਦੇਣ ਲੱਗ ਜਾਵੇਗੀ | ਕਈ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲੀ ਅਪੈ੍ਰਲ ਤੋਂ ਕੰਬਾਈਨਾਂ ਦੀ ਬੁਕਿੰਗ ਕਰਵਾ ਦਿੱਤੀ ਸੀ ਹੁਣ ਉਹ ਅੱਗੇ ਕਰਨੀ ਪਵੇਗੀ | ਇਸ ਸੰਬੰਧੀ ਸੰਪਰਕ ਕਰਨ 'ਤੇ ਅਫ਼ਸਰਾਂ ਨੇ ਦੱਸਿਆ ਕਿ ਸਰਕਾਰੀ ਤੌਰ 'ਤੇ ਕਣਕ ਦੀ ਖ਼ਰੀਦ ਭਾਵੇਂ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਜਾਣੀ ਹੈ ਪਰ ਮੌਸਮ ਕਾਰਨ ਮੰਡੀ ਵਿਚ ਫ਼ਸਲ ਆਉਣ ਦੇ ਆਸਾਰ ਬਹੁਤ ਹੀ ਘੱਟ ਵਿਖਾਈ ਦੇ ਰਹੇ ਹਨ |
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਘਨੌਰ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਸ ਵੈੱਲਫੇਅਰ ਐਸੋਸੀਏਸ਼ਨ ਨਾਭਾ ਦੀ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।