ਪਟਿਆਲਾ, 26 ਮਾਰਚ (ਅ.ਸ. ਆਹਲੂਵਾਲੀਆ)-ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਨਗਰ ਨਿਗਮ ਪਟਿਆਲਾ ਵਲੋਂ ਸ਼ਹਿਰ 'ਚ 'ਵੇਟ ਐਂਡ ਡ੍ਰਾਈ ਵੇਸਟ ਲਿਟਰ ਪਿਕਰ ਮਸ਼ੀਨ' ਦੀ ਸ਼ੁਰੂਆਤ ਕੀਤੀ ਗਈ, ਜੋ ਸਫ਼ਾਈ ਪ੍ਰਬੰਧ 'ਚ ਨਵੀਂ ਤਕਨਾਲੋਜੀ ਦੀ ਮਿਸਾਲ ਹੈ | ਇਸ ਮੌਕੇ 'ਤੇ ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ-ਮੁਕਤ ਸ਼ਹਿਰ ਬਣਾਉਣਾ ਹੈ | ਨਵੀਂ ਮਸ਼ੀਨ ਸੜਕਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ਤੋਂ ਕੂੜਾ ਇਕੱਠਾ ਕਰਨ 'ਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਵੇਗੀ | ਪਹਿਲਾ ਸਫ਼ਾਈ ਕਰਮਚਾਰੀਆਂ ਨੂੰ ਕੂੜਾ ਇਕੱਠਾ ਕਰਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਸੀ ਪਰ ਇਸ ਮਸ਼ੀਨ ਦੇ ਆਉਣ ਨਾਲ ਉਨ੍ਹਾਂ ਦਾ ਕੰਮ ਕਾਫੀ ਹੱਦ ਤੱਕ ਆਸਾਨ ਹੋ ਜਾਵੇਗਾ | ਮਸ਼ੀਨ 'ਚ ਲੱਗੇ ਆਧੁਨਿਕ ਸਕਸਨ ਸਿਸਟਮ ਰਾਹੀਂ ਕੂੜਾ ਤੇਜ਼ੀ ਨਾਲ ਚੁੱਕਿਆ ਜਾਂਦਾ ਹੈ ਅਤੇ ਮਸ਼ੀਨ ਦੇ ਅੰਦਰ ਇਕੱਠਾ ਕੀਤਾ ਜਾਂਦਾ ਹੈ, ਜਿਸ ਨਾਲ ਸਫ਼ਾਈ ਦੀ ਗੁਣਵੱਤਾ 'ਚ ਵੱਡਾ ਸੁਧਾਰ ਆਵੇਗਾ |