ਪਟਿਆਲਾ, 26 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਇਤਿਹਾਸਕ ਅਤੇ ਪ੍ਰਾਚੀਨ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਤਮਸਤਕ ਹੋਣ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮੇਅਰ ਕੁੰਦਨ ਗੋਗੀਆ ਵਲੋਂ ਵਿਸ਼ੇਸ਼ ਕਦਮ ਚੁੱਕਿਆ ਗਿਆ ਹੈ | ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਮੇਅਰ ਨੇ ਮੰਦਰ ਦੇ ਬਾਹਰ ਸ਼ਰਧਾਲੂਆਂ ਲਈ ਆਧੁਨਿਕ ਜਨਤਕ ਪਖਾਨੇ ਬਣਾਉਣ ਦਾ ਕਾਰਜ ਸ਼ੁਰੂ ਕਰਵਾ ਦਿੱਤਾ ਹੈ | ਦਸਣਯੋਗ ਹੈ ਕਿ ਨਵਰਾਤਿਆਂ, ਮੇਲਿਆਂ ਅਤੇ ਹੋਰ ਖ਼ਾਸ ਧਾਰਮਿਕ ਉਤਸਵਾਂ ਦੌਰਾਨ ਮੰਦਰ ਵਿਚ ਸ਼ਰਧਾਲੂਆਂ ਦੀ ਭੀੜ ਬੇਹੱਦ ਵਧ ਜਾਂਦੀ ਹੈ | ਅਜਿਹੇ ਸਮੇਂ ਵਿਚ ਜਨਤਕ ਬਾਥਰੂਮਾਂ ਦੀ ਘਾਟ ਕਾਰਨ ਸ਼ਰਧਾਲੂਆਂ, ਖ਼ਾਸ ਕਰਕੇ ਔਰਤਾਂ ਅਤੇ ਬਜ਼ੁਰਗਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ | ਮੇਅਰ ਕੁੰਦਨ ਗੋਗੀਆ ਨੇ ਇਸ ਗੰਭੀਰ ਸਮੱਸਿਆ ਨੂੰ ਸਮਝਦਿਆਂ ਤੁਰੰਤ ਕਾਰਵਾਈ ਕੀਤੀ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਵਲੋਂ ਸ਼ਹਿਰ ਦੀ ਸਫ਼ਾਈ ਅਤੇ ਜਨਤਕ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਹਾਲ ਹੀ ਵਿਚ ਹੋਈ ਐਫ.ਐਂਡ.ਸੀ.ਸੀ. ਦੀ ਮੀਟਿੰਗ ਵਿਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਥਿਤ 46 ਜਨਤਕ ਪਖਾਨਿਆਂ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਵੀ ਵੱਖਰੇ ਤੌਰ 'ਤੇ ਵੱਡੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਸੀ | ਉਨ੍ਹਾਂ ਦੱਸਿਆ ਕਿ ਮੰਦਰ ਦੇ ਬਾਹਰ ਸੀਵਰੇਜ ਲਾਈਨ ਦੀ ਸਮੱਸਿਆ ਨੂੰ ਵੀ ਪਹਿਲਾਂ ਹੀ ਠੀਕ ਕਰਵਾਇਆ ਜਾ ਚੁੱਕਾ ਹੈ ਤਾਂ ਜੋ ਗੰਦਗੀ ਦੀ ਕੋਈ ਗੰੁਜਾਇਸ਼ ਨਾ ਰਹੇ |