ਨਾਭਾ, 21 ਜਨਵਰੀ (ਕਰਮਜੀਤ ਸਿੰਘ)-ਡੈਮੋਕ੍ਰੇਟਿਕ ਮਨਰੇਗਾ ਫਰੰਟ ਪੰਜਾਬ ਵਲੋਂ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਪਟਿਆਲਾ ਜ਼ਿਲ੍ਹੇ 'ਚ ਵੱਡਾ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਪ੍ਰਦਰਸ਼ਨ ਲਈ ਪਿੰਡ-ਪਿੰਡ ਮਜ਼ਦੂਰਾਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਅਭਿਆਨਵਾਰ ਮੁਹਿੰਮ ਚੱਲ ਰਹੀ ਹੈ | ਫਰੰਟ ਦੇ ਆਗੂਆਂ ਕਿ੍ਸ਼ਨ ਲੁਬਾਣਾ, ਰਾਜ ਕੌਰ ਥੂਹੀ ਅਤੇ ਹਰਦੀਪ ਕੌਰ ਪਾਲੀਆ ਨੇ ਦੱਸਿਆ ਕਿ ਇਹ ਸੰਘਰਸ਼ ਕੇਂਦਰ ਸਰਕਾਰ ਦੇ ਵਿਕਸਿਤ ਭਾਰਤ-ਗ੍ਰਾਮੀਣ ਰੋਜ਼ਗਾਰ ਮਿਸ਼ਨ ਕਾਨੂੰਨ ਦੇ ਵਿਰੋਧ ਵਿਚ ਹੈ | ਫਰੰਟ ਦਾ ਦੋਸ਼ ਹੈ ਕਿ ਇਸ ਕਾਨੂੰਨ ਨੂੰ ਮਨਰੇਗਾ ਦੀ ਥਾਂ ਲਿਆ ਕੇ ਗਰੀਬ ਮਜ਼ਦੂਰਾਂ ਦੇ ਕਾਨੂੰਨੀ ਰੋਜ਼ਗਾਰ ਦੇ ਹੱਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਹਨਾਂ ਮੰਗ ਕੀਤੀ ਕਿ ਵੀ ਬੀ ਜੀ ਰਾਮ ਜੀ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਮਨਰੇਗਾ ਨੂੰ ਪੂਰੇ ਕਾਨੂੰਨੀ ਅਧਿਕਾਰਾਂ ਸਮੇਤ ਬਹਾਲ ਕੀਤਾ ਜਾਵੇ | ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ ਅਤੇ ਕੁਲਵੰਤ ਕੌਰ ਥੂਹੀ ਨੇ ਕਿਹਾ ਕਿ ਮਨਰੇਗਾ ਹੇਠ ਮਜ਼ਦੂਰਾਂ ਨੂੰ ਸਾਲਾਨਾ 100 ਦਿਨ ਰੋਜ਼ਗਾਰ ਦੀ ਕਾਨੂੰਨੀ ਗਾਰੰਟੀ ਮਿਲਦੀ ਸੀ, ਪਰ ਨਵੇਂ ਪ੍ਰਬੰਧਾਂ ਕਾਰਨ ਪਿੰਡਾਂ ਵਿੱਚ ਕੰਮ ਬਹੁਤ ਘੱਟ ਹੋ ਗਿਆ ਹੈ, ਜਿਸ ਨਾਲ ਗਰੀਬ, ਦਿਹਾੜੀਦਾਰ ਅਤੇ ਬੇਜ਼ਮੀਨ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਤ ਹੋ ਰਹੇ ਹਨ | ਬਲਵਿੰਦਰ ਸਿੰਘ ਰੰਨੋ, ਨਿਰਮਲ ਸਿੰਘ ਅਤੇ ਕੇਵਲ ਸਿੰਘ ਕੋਟ ਨੇ ਦੱਸਿਆ ਕਿ ਫਰੰਟ ਵੱਲੋਂ ਮੀਟਿੰਗਾਂ, ਘਰ-ਘਰ ਸੰਪਰਕ ਅਤੇ ਜਨ ਸਭਾਵਾਂ ਰਾਹੀਂ ਮਜ਼ਦੂਰਾਂ ਨੂੰ 26 ਜਨਵਰੀ ਦੇ ਇਕੱਠ ਲਈ ਬੁਲਾਇਆ ਜਾ ਰਿਹਾ ਹੈ | ਗੁਰਮੀਤ ਕੌਰ ਗੋਪਾਲਪੁਰ ਅਤੇ ਸੰਦੀਪ ਕੌਰ ਖਾਨਪੁਰ ਗੰਡਿਆ ਨੇ ਕਿਹਾ ਕਿ ਰੋਜ਼ਗਾਰ ਦਾ ਹੱਕ ਸੰਵਿਧਾਨਿਕ ਮਰਿਆਦਾ ਨਾਲ ਜੁੜਿਆ ਹੈ | ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤੀਪੂਰਣ ਅਤੇ ਲੋਕਤੰਤਰਿਕ ਢੰਗ ਨਾਲ ਕਰਨ ਦੀ ਤਿਆਰੀ ਹੈ | ਫਰੰਟ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਇਸ ਇਕੱਠ ਵਿਚ ਸ਼ਾਮਲ ਹੋਣਗੇ |