ਟਾਂਗਰਾ, 14 ਜੁਲਾਈ (ਹਰਜਿੰਦਰ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਹਲਕੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਨਿਪਟਾਰਾ ਕਰਨ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਰੋਜ਼ਾਨਾ ਲੋਕ ਮਿਲਣੀਆਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਿੰਡ ਜੱਬੋਵਾਲ ਵਿਖੇ ਹੋਈ ਲੋਕ ਮਿਲਣੀ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਕਾਰਨ ਇਕੱਠ ਨੇ ਰੈਲੀ ਦਾ ਰੂਪ ਧਾਰ ਲਿਆ । ਇਸ ਮੌਕੇ ਸੰਬੋਧਨ ਕਰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਜੰਡਿਆਲਾ ਗੁਰੂ ਹਲਕੇ ਦੇ ਲੋਕਾਂ ਵਲੋਂ ਮਿਲਿਆ ਪਿਆਰ, ਸਤਿਕਾਰ ਅਤੇ ਭਰੋਸਾ ਉਨ੍ਹਾਂ ਲਈ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਅਤੇ ਹਰ ਪਰਿਵਾਰ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਵਚਨਬੱਧ ਹੈ । ਹਲਕੇ ਵਿਚ ਸੜਕਾਂ, ਸੀਵਰੇਜ਼, ਪੀਣ ਵਾਲੇ ਪਾਣੀ ਅਤੇ ਹੋਰ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਸ਼ਨਾਖ ਸਿੰਘ, ਚੇਅਰਮੈਨ ਅਮਰੀਕ ਸਿੰਘ ਸੋਢੀ, ਸਰਪੰਚ ਦਵਿੰਦਰ ਸਿੰਘ ਮਨੂੰ , ਸਰਪੰਚ ਗੁਰਮੁਖ ਸਿੰਘ ਸਰਜਾ, ਬਲਾਕ ਪ੍ਰਧਾਨ ਸਵਿੰਦਰ ਸਿੰਘ ਫੌਜੀ, ਪ੍ਰਧਾਨ ਸੁਖਵਿੰਦਰ ਸਿੰਘ ਸ਼ਾਹ, ਸਰਪੰਚ ਗੁਰਦੀਪ ਸਿੰਘ ਕੋਟਲਾ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਲੋਕ ਮਿਲਣੀਆਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਹਰਭਜਨ ਸਿੰਘ ਈ.ਟੀ.ਓ.
ਅਜੀਤ ਡੈਸਕ
15-07-2026