ਅਜਨਾਲਾ, 14 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਅਜਨਾਲਾ ਸ਼ਹਿਰ ‘ਚ ਸਥਿਤ ਦਫ਼ਤਰ ਵਿਖੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਹਲਕੇ ਨਾਲ ਸਬੰਧਿਤ ਵੱਖ-ਵੱਖ ਮਸਲਿਆਂ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਹਲਕਾ ਅਜਨਾਲਾ ਅੰਦਰ ਚੱਲ ਰਹੇ ਅਤੇ ਆਗਾਮੀ ਵਿਕਾਸ ਕਾਰਜਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਤੇ ਰਮਦਾਸ ਸ਼ਹਿਰ ਅਤੇ ਸਮੁੱਚੇ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਕਰਵਾਏ ਜਾਣ ਵਾਲੇ ਵਿਕਾਸ ਪ੍ਰੋਜੈਕਟਾਂ ਦੀ ਰੂਪ-ਰੇਖਾ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਘਰ-ਘਰ ਤੱਕ ਪਹੁੰਚਾਉਣ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ, ਰੋਜ਼ਗਾਰ, ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਰਾਹੀਂ ਇਤਿਹਾਸਕ ਕੰਮ ਕੀਤੇ ਹਨ । ਇਸ ਮੌਕੇ ਆਪ ਸਿੱਖਿਆ ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ‘ਆਪ’ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ਼, ‘ਆਪ’ ਰਮਦਾਸ ਸ਼ਹਿਰੀ ਦੇ ਪ੍ਰਧਾਨ ਹਰਪਾਲ ਸਿੰਘ ਸਿੰਧੀ, ਐਡਵੋਕੇਟ ਸੰਦੀਪ ਕੌਸ਼ਲ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਬਲਾਕ ਰਮਦਾਸ ਪ੍ਰਧਾਨ ਸੰਦੀਪ ਸਿੰਘ ਖਹਿਰਾ, ਮਹਿਲਾ ਵਿੰਗ ਹਲਕਾ ਕੋਆਰਡੀਨੇਟਰ ਬੀਬੀ ਗੁਰਦੀਪ ਕੌਰ ਅਜਨਾਲਾ, ਸਾਬਕਾ ਕੌਂਸਲਰ ਰਾਜਬੀਰ ਕੌਰ ਚਾਹਲ, ਸ਼ਿਵਦੀਪ ਸਿੰਘ ਚਾਹਲ, ਹਰਪ੍ਰੀਤ ਸਿੰਘ ਸੋਹਲ, ਸੁਖਦਿਆਲ ਸਿੰਘ ਭੱਖਾ, ਦਲਬੀਰ ਸਿੰਘ ਘੁੱਲੀ ਆਦਿ ਹਾਜ਼ਰ ਸਨ।
ਵਿਧਾਇਕ ਧਾਲੀਵਾਲ ਵਲੋਂ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ
ਅਜੀਤ ਡੈਸਕ
15-07-2026