ਚੋਗਾਵਾਂ, 30 ਮਾਰਚ (ਗੁਰਵਿੰਦਰ ਸਿੰਘ ਕਲਸੀ)-ਵਾਲਮੀਕਿ ਸਮਾਜ ਵਲੋਂ ਐਸ.ਸੀ ਦੇ ਨਾਂਅ ਤੇ ਜੋਬ ਕਾਰਡ ਬਣਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕਸਬਾ ਚੋਗਾਵਾਂ ਚੌਕ 'ਚ ਧਰਨਾ ਲਗਾ ਕੇ ਰੋਡ ਜਾਮ ਕੀਤਾ | ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਸੰਬੰਧੀ ਭਗਵਾਨ ਵਾਲਮੀਕਿ ਧਰਮ ਸੰਗਠਨ ਭਾਰਤ, ਭਗਵਾਨ ਵਾਲਮੀਕਿ ਟਾਈਗਰ ਫੋਰਸ ਐਕਸ਼ਨ ਕਮੇਟੀ, ਭਗਵਾਨ ਵਾਲਮੀਕਿ ਸੰਘਰਸ਼ ਦਲ, ਏਕਤਾ ਮਿਸ਼ਨ ਪੰਜਾਬ ਗਰੁੱਪ ਆਦਿ ਵਲੋਂ ਗੋਬਿੰਦਾ ਘਰਿੰਡੀ ਕੌਮੀ ਚੇਅਰਮੈਨ, ਸੁਖਦੇਵ ਸਿੰਘ ਬਹਿੜਵਾਲ ਚੇਅਰਮੈਨ ਪੰਜਾਬ, ਸਾਹਿਬ ਸਿੰਘ ਨੋਸ਼ਹਿਰਾ, ਪਰਮਜੀਤ ਸਿੰਘ ਟਪਿਆਲਾ, ਸਰਵਣ ਸਿੰਘ ਰੈਂਬੋ, ਬਾਬਾ ਲਾਡੀ ਨਾਥ, ਨਿਤਿਨ ਮਨੀ ਗਿੱਲ, ਬਾਬਾ ਮਨਜੀਤ ਸਿੰਘ ਸੈਣੀ, ਅਮਨ ਰਿਸ਼ੀ ਮੱਟੂ, ਸਾਈ ਗੋਪੀ ਸ਼ਾਹ, ਪ੍ਰਧਾਨ ਨਿਸ਼ਾਨ ਸਿੰਘ ਆਦਿ ਦੀ ਅਗਵਾਈ ਹੇਠ ਚੋਗਾਵਾਂ ਰੋਡ ਬੰਦ ਕਰਕੇ ਬੀ.ਡੀ.ਓ. ਤੇ ਨਰੇਗਾ ਸੈਕਟਰੀ ਖਿਲਾਫ ਸਖਤ ਸ਼ਬਦਾਂ 'ਚ ਨਾਅਰੇਬਾਜ਼ੀ ਕੀਤੀ | ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਕਲੇਰ ਦੇ ਸਰਪੰਚ ਵਲੋਂ ਬਲਾਕ ਚੋਗਾਵਾਂ ਦੀ ਮਿਲੀ ਭੁਗਤ ਨਾਲ ਆਪਣੇ ਪੁੱਤਰ ਦਾ ਐਸ.ਸੀ. ਦੇ ਨਾਂਅ ਤੇ ਜੋਬ ਕਾਰਡ (ਨਰੇਗਾ ਕਾਰਡ) ਬਣਾ ਕੇ ਉਸ ਦੇ ਖਾਤੇ 'ਚ ਪੈਸੇ ਪਵਾ ਰਿਹਾ ਹੈ | ਪਿੰਡ ਖਿਆਲਾ ਕਲਾਂ ਵਿਖੇ ਪਰਚਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗਿ੍ਫਤਾਰ ਨਾ ਕਰਨ ਤੇ ਹੋਰਨਾਂ ਮਸਲਿਆਂ ਨੂੰ ਲੈ ਕੇ ਧਰਨਾ ਲਗਾਉਣ ਲਈ ਮਜਬੂਰ ਹੋਏ ਹਨ | ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਜੇਕਰ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ | ਇਸ ਸਬੰਧੀ ਪਿੰਡ ਕਲੇਰ ਦੇ ਸਰਪੰਚ ਨੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਰੰਜਿਸ਼ ਤਹਿਤ ਉਨ੍ਹਾਂ ਉਪਰ ਦੋਸ਼ ਲਗਾਏ ਜਾ ਰਹੇ ਹਨ | ਇਸ ਸਬੰਧੀ ਬਲਾਕ ਚੋਗਾਵਾਂ ਦੇ ਬੀ.ਡੀ.ਓ. ਸ਼ਮਸ਼ੇਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਨਰੇਗਾ ਸੰਬੰਧੀ ਜੋ ਸ਼ਿਕਾਇਤ ਮਿਲੀ ਉਸ ਦੀ ਜਾਂਚ ਪੜਤਾਲ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਬਣਦੀ ਕਾਰਵਾਈ ਕੀਤੀ ਜਾਵੇਗੀ |
ਵਾਲਮੀਕਿ ਸਮਾਜ ਵਲੋਂ ਚੋਗਾਵਾਂ ਚੌਕ 'ਚ ਧਰਨਾ ਲਗਾ ਕੇ ਕੀਤਾ ਰੋਡ ਜਾਮ <br/>
ਅਜੀਤ ਡੈਸਕ
31-03-2026