ਚਵਿੰਡਾ ਦੇਵੀ, 29 ਮਾਰਚ (ਸਤਪਾਲ ਸਿੰਘ ਢੱਡੇ)-ਅੰਮਿ੍ਤਸਰ ਜ਼ਿਲ੍ਹੇ ਦੇ ਇਤਿਹਾਸਕ ਧਾਰਮਿਕ ਅਸਥਾਨ ਮਾਤਾ ਚਾਮੁੰਡਾ ਦੇਵੀ ਜੀ ਦੇ ਮੰਦਰ ਵਿਖੇ ਚੇਤ ਮਹੀਨੇ ਦੌਰਾਨ ਲੱਗਣ ਵਾਲੇ ਤਿੰਨ ਰੋਜ਼ਾ ਮੇਲੇ ਦਾ ਸ਼ੁਰੂਆਤ ਸ਼ਰਧਾ ਅਤੇ ਉਤਸ਼ਾਹ ਨਾਲ ਹੋਈ, ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਭਰ ਕੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਕੀਤਾ | ਇਹ ਮੇਲਾ ਵੀਰਵਾਰ, ਸ਼ੁਕਰਵਾਰ ਅਤੇ ਸ਼ਨੀਵਾਰ ਤਿੰਨ ਦਿਨ ਚੱਲਿਆ, ਜਿਸ ਵਿਚ ਦੂਰ-ਦਰਾਜ਼ ਇਲਾਕਿਆਂ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਸੰਗਤਾਂ ਵਲੋਂ ਮਾਤਾ ਦੇ ਦਰ 'ਤੇ ਚੜ੍ਹਾਵੇ ਚੜ੍ਹਾਏ ਗਏ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸਮਿ੍ਧੀ ਲਈ ਅਰਦਾਸਾਂ ਕੀਤੀਆਂ ਗਈਆਂ | ਇਸ ਮੌਕੇ ਮੰਦਰ ਦਾ ਪ੍ਰਬੰਧ ਪ੍ਰਸ਼ਾਸਨ ਹੇਠ ਰਸੀਵਰ ਕਮ ਤਹਿਸੀਲਦਾਰ ਮਜੀਠਾ ਦਰਸ਼ਨ ਸਿੰਘ ਦੀ ਰਹਿਨੁਮਾਈ ਹੇਠ ਸੁਚੱਜੇ ਢੰਗ ਨਾਲ ਕੀਤਾ ਗਿਆ | ਮੇਲੇ ਸਬੰਧੀ ਉਨ੍ਹਾਂ ਦੱਸਿਆ ਕਿ ਸਾਰੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਸਨ ਅਤੇ ਮੰਦਰ ਪਰਿਸਰ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਸੀ | ਸੁਰੱਖਿਆ ਦੇ ਪੱਖੋਂ ਮੰਦਰ ਦੇ ਅੰਦਰ-ਬਾਹਰ, ਲੰਗਰ ਹਾਲ ਅਤੇ ਆਲੇ-ਦੁਆਲੇ ਇਲਾਕੇ ਨੂੰ ਸੀਸੀਟੀਵੀ ਕੈਮਰਿਆਂ ਦੇ ਅਧੀਨ ਰੱਖਿਆ ਗਿਆ, ਜੋ ਗਲਤ ਤੱਤਾਂ 'ਤੇ ਨਿਗਰਾਨੀ ਲਈ ਤੀਜੀ ਅੱਖ ਵਜੋਂ ਕੰਮ ਕਰ ਰਹੇ ਹਨ | ਸੰਗਤਾਂ ਦੀ ਸਹੂਲਤ ਲਈ ਲੰਗਰਾਂ ਅਤੇ ਠਹਿਰਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ | ਮੇਲੇ ਦੌਰਾਨ ਮੰਦਰ ਵਿਚ ਧਾਰਮਿਕ ਸਮਾਗਮਾਂ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਸੰਗਤਾਂ ਨੇ ਭਗਤੀ ਭਾਵ ਨਾਲ ਭਾਗ ਲਿਆ |
ਤਿੰਨ ਰੋਜ਼ਾ ਮਾਤਾ ਚਾਮੁੰਡਾ ਦੇਵੀ ਦੇ ਮੇਲੇ 'ਚ ਹਜ਼ਾਰਾਂ ਸੰਗਤਾਂ ਨਤਮਸਤਕ <br/>
ਅਜੀਤ ਡੈਸਕ
30-03-2026