ਰੂਪਨਗਰ, 1 ਸਤੰਬਰ (ਯਸ਼ਵੰਤ ਬੱਸੀ)- ਸੀ.ਪੀ.ਆਈ. (ਐਮ) ਤਹਿਸੀਲ ਕਮੇਟੀ ਵਲੋਂ ਰੋਜਾਨਾ ਵਰਤੋਂ ਦੀਆਂ ਚੀਜ਼ਾਂ ਜਿਵੇਂ ਕਿ ਖੰਡ, ਪਿਆਜ, ਰਸੋਈ ਗੈਸ,ਪੈਟਰੋਲ, ਡੀਜ਼ਲ ਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਹੋਇਆ ਹੈ, ਜਿਸ ਨਾਲ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ। ਜਿਸ ਦੇ ਵਿਰੋਧ ਵਿਚ ਸੀ.ਪੀ.ਆਈ. (ਐਮ.) ਤਹਿਸੀਲ ਕਮੇਟੀ ਰੂਪਨਗਰ ਵਲੋਂ ਤਹਿਸੀਲ ਸਕੱਤਰ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ ਦੀ ਅਗਵਾਈ ਹੇਠ ਪਾਰਟੀ ਦੇ ਕਾਰਕੁੰਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਤੋਂ ਠੋਸ ਕਦਮ ਉਠਾਉਣ ਦੀ ਮੰਗ ਕੀਤੀ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਚਹੇਤੇ ਜਖੀਰੇ ਬਾਜਾਂ ਦੀ ਮੁਨਾਫੇ ਦੀ ਲਾਲਸਾ ਪੂਰੀ ਕਰਨ ਦੀ ਬਜਾਏ ਮਿਹਨਤਕਸ਼ ਗਰੀਬ ਲੋਕਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸਸਤੇ ਭਾਅ ਤੇ ਮੁਹੱਈਆ ਕਰਵਾਏ। ਰੋਸ ਪ੍ਰਦਰਸ਼ਨ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਉਪਰੰਤ ਪ੍ਰਸ਼ਾਸਨ ਨੂੰ ਲੋਕਾਂ ਦੇ ਮਸਲਿਆਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਲੋਕਾਂ ਦੇ ਜਰੂਰੀ ਮੁੱਦਿਆਂ ਜਿਵੇਂ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਇੱਕ ਵਿਧਵਾ ਔਰਤ ਤਕਰੀਬਨ ਛੇ ਸਾਲਾਂ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਹੀ ਹੈ ਉਸ ਨੂੰ ਲਾਭ ਨਹੀਂ ਦਿੱਤਾ ਜਾ ਰਿਹਾ, ਪਿੰਡ ਦੁੰਮਣਾ ਵਿਖੇ ਇੱਕ ਮੈਂਬਰ ਪੰਚਾਇਤ ਵਲੋਂ ਪੰਚਾਇਤ ਦੀ ਜਮੀਨ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਪੰਚਾਇਤ ਵਲੋਂ ਮਤਾ ਪਾਸ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ, ਪਰ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਤੋਂ ਦੁਖੀ ਪਿੰਡ ਦੇ ਸਾਰੇ ਪੰਚਾਇਤ ਮੈਂਬਰ ਅਸਤੀਫਾ ਦੇਣ ਲਈ ਮਜਬੂਰ ਹਨ, ਪਿੰਡ ਚੱਕ ਕਰਮਾਂ ਦੇ ਗੁਰਦੁਆਰਾ ਸਾਹਿਬ ਅਤੇ ਰਸਤਿਆਂ ਦੀ ਨਿਸ਼ਾਨਦੇਹੀ ਲੰਬੇ ਸਮੇਂ ਤੋਂ ਵਾਰ ਵਾਰ ਚੱਕਰ ਮਾਰਨ ਦੇ ਬਾਵਜੂਦ ਵੀ ਨਹੀਂ ਹੋ ਰਹੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਪਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਘਨੌਲੀ- ਮਕੌੜੀ ਕਲਾਂ ਰੋਡ ਤੇ ਖੋਲਿ੍ਹਆ ਸ਼ਰਾਬ ਦਾ ਠੇਕਾ ਤੁਰੰਤ ਬੰਦ ਕਰਨ ਦੀ ਇਲਾਕਾ ਨਿਵਾਸੀਆਂ ਵਲੋਂ ਮੰਗ ਕੀਤੀ ਗਈ, ਪਸ਼ੂ ਪਾਲਕ ਭਾਈਚਾਰੇ ਨੂੰ ਕਿਸਾਨਾਂ ਅਤੇ ਸਾਂਝੀਆਂ ਜਮੀਨਾਂ ਵਿਚ ਪਸ਼ੂ ਚਰਾਉਣ ਤੋਂ ਰੋਕਣ ਦੀ ਮੰਗ ਵੀ ਕੀਤੀ ਗਈ। ਕਿਸਾਨ ਪਿਆਰਾ ਸਿੰਘ ਬੇਲੀਆਂ ਦੀ ਕਰਜਾ ਮੁਆਫ਼ੀ ਦਾ ਮਸਲਾ ਵੀ ਹੱਲ ਕਰਨ ਦੀ ਬੇਨਤੀ ਕੀਤੀ ਗਈ। ਵਫਦ ਨੇ ਰੋਸ ਜਤਾਇਆ ਕਿ ਇ ਹਨਾਂ ਛੋਟੇ ਛੋਟੇ ਮਸਲਿਆਂ ਲਈ ਲੋਕ ਵਾਰ ਵਾਰ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ, ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਲੋਕਾਂ ਦੇ ਮਸਲਿਆਂ ਪ੍ਰਤੀ ਸੰਜੀਦਾ ਹੋ ਕੇ ਸਮਾਂਬੱਧ ਢੰਗ ਨਾਲ ਲੋਕਾਂ ਨੂੰ ਬਣਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਕਾਮਰੇਡ ਦਲੀਪ ਸਿੰਘ ਘਨੌਲਾ, ਕਾਮਰੇਡ ਸੁਖਵਿੰਦਰ ਸਿੰਘ ਦੁੰਮਣਾ, ਕਾਮਰੇਡ ਪ੍ਰਭਾ ਪ੍ਰਧਾਨ ਜਨਵਾਦੀ ਇਸਤਰੀ ਸਭਾ ਜ਼ਿਲ੍ਹਾ ਰੋਪੜ, ਕਾਮਰੇਡ ਅੰਜਨਾ, ਕਾਮਰੇਡ ਰੰਜਨਾ, ਮੀਨਾ ਕੁਮਾਰੀ, ਕਾਮਰੇਡ ਰਜਿੰਦਰ ਸਿੰਘ ਅਲੀਪੁਰ, ਕਾਮਰੇਡ ਗੁਰਬਚਨ ਸਿੰਘ ਮਿੱਠੂ, ਕਿਸਾਨ ਆਗੂ ਸ਼੍ਰੀ ਪਾਲ, ਕਾਮਰੇਡ ਮਨਿੰਦਰ ਸਿੰਘ ਮੋਂਟੀ, ਕੁਲਵਿੰਦਰ ਸਿੰਘ ਪੰਚ ਦੁੰਮਣਾਂ, ਇੰਦਰਜੀਤ ਸਿੰਘ ਪੰਚ ਦੁੰਮਣਾ, ਕਾਮਰੇਡ ਅਮਰ ਸਿੰਘ ਬੜਾ ਪਿੰਡ, ਕਾਮਰੇਡ ਦੇਵਰਾਜ ਬੜਾ ਪਿੰਡ, ਪਿਆਰਾ ਸਿੰਘ ਬੇਲੀਆਂ, ਪਿਆਰਾ ਸਿੰਘ ਚੱਕ ਕਰਮਾਂ ਆਦਿ ਹਾਜ਼ਰ ਸਨ।