ਪੁਰਖਾਲੀ, 30 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਘਾੜ ਇਲਾਕੇ ਦੇ ਮੀਆਂਪੁਰ ਰੇਲਵੇ ਓਵਰ ਬਿ੍ਜ ਦੀ ਮਨਜ਼ੂਰੀ ਲਈ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਕੇਂਦਰੀ ਰੇਲਵੇ ਮੰਤਰਾਲੇ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟਾਇਆ | ਵਿਧਾਇਕ ਚੱਢਾ ਨੇ ਦੱਸਿਆ ਕਿ ਇਸ ਓਵਰ ਬਿ੍ਜ ਦੀ ਮਨਜ਼ੂਰੀ ਲਈ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਸਨ | ਇਸ ਪ੍ਰਕਿਰਿਆ ਦੀ ਸ਼ੁਰੂਆਤ ਸੜਕਾਂ 'ਤੇ ਆਵਾਜਾਈ ਦੇ ਵਧਦੇ ਦਬਾਅ ਨੂੰ ਧਿਆਨ ਵਿਚ ਰੱਖਦੇ ਹੋਏ ਟਰੈਫਿਕ ਸਰਵੇ ਕਰਵਾ ਕੇ ਕੀਤੀ ਗਈ, ਜਿਸ ਦੀ ਰਿਪੋਰਟ ਰੇਲਵੇ ਵਿਭਾਗ ਨੂੰ ਭੇਜੀ ਗਈ | ਇਸ ਤੋਂ ਬਾਅਦ ਲਗਾਤਾਰ ਫਾਲੋਅੱਪ ਕਰਦੇ ਹੋਏ ਪ੍ਰੋਜੈਕਟ ਨੂੰ ਅੱਗੇ ਵਧਾਇਆ ਗਿਆ | ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵਲੋਂ ਵੀ ਇਸ ਮਾਮਲੇ ਨੂੰ ਲੋਕ ਸਭਾ ਵਿੱਚ ਉਠਾਇਆ ਗਿਆ ਅਤੇ ਰੇਲਵੇ ਮੰਤਰਾਲੇ ਨਾਲ ਕਈ ਮੀਟਿੰਗਾਂ ਕਰਕੇ ਇਸਦੀ ਮਨਜ਼ੂਰੀ ਲਈ ਜ਼ੋਰ ਲਾਇਆ ਗਿਆ | ਰੇਲਵੇ ਵਿਭਾਗ ਵਲੋਂ ਇਸ ਸਬੰਧੀ ਸਾਰੀ ਲਿਖਤੀ ਕਮਿਊਨੀਕੇਸ਼ਨ ਸਮੇਂ-ਸਮੇਂ 'ਤੇ ਸਾਂਝੀ ਕੀਤੀ ਜਾਂਦੀ ਰਹੀ ਅਤੇ ਅੰਤ ਵਿਚ ਮਨਜ਼ੂਰੀ ਦੀ ਸੂਚਨਾ ਵੀ ਸਭ ਤੋਂ ਪਹਿਲਾਂ ਐਮ. ਪੀ. ਕੰਗ ਨੂੰ ਪ੍ਰਾਪਤ ਹੋਈ | ਵਿਧਾਇਕ ਚੱਢਾ ਨੇ ਦੱਸਿਆ ਕਿ ਮੀਆਂਪੁਰ ਵਿਖੇ ਬਣਨ ਵਾਲਾ ਇਹ ਓਵਰ ਬਿ੍ਜ ਦੋ ਲੇਨ ਦਾ ਹੋਵੇਗਾ, ਜੋ ਇਲਾਕੇ ਵਿਚ ਟਰੈਫਿਕ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਘਟਾਏਗਾ |