ਨੰਗਲ, 29 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-Tਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 31 ਮਾਰਚ ਨੂੰ ਨੰਗਲ ਦੌਰੇ ਦੌਰਾਨ ਗਲਾਸ ਬਿ੍ਜ ਦਾ ਤੋਹਫ਼ਾ ਦੇਣਗੇ ਅਤੇ ਇਸ ਦੀ ਉਸਾਰੀ ਮਗਰੋਂ ਇਲਾਕੇ 'ਚ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ, ਇਹ ਵਿਚਾਰ ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ ਨੇ ਇਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਇਲਾਕੇ 'ਚ ਮੁੱਖ ਮੰਤਰੀ ਦੀ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਕਿਉਂਕਿ ਉਨ੍ਹਾਂ ਵਲੋਂ ਜਲ ਸੰਕਟ ਨਿਵਾਰਣ ਸਕੀਮ ਦਾ ਨੀਂਹ ਪੱਥਰ ਵੀ ਰੱਖਿਆ ਜਾਣਾ ਹੈ | ਇਹ ਦੁੱਖ ਦੀ ਗੱਲ ਹੈ ਕਿ ਰਵਾਇਤੀ ਪਾਰਟੀਆਂ ਜਲ ਸੰਕਟ ਦਾ ਯੋਗ ਹੱਲ ਨਹੀਂ ਲੱਭ ਸਕੀਆਂ | ਮੋਹਲੇਧਾਰ ਮੀਂਹ ਕਾਰਨ ਸ੍ਰੀ ਲਕਸ਼ਮੀ ਨਰਾਇਣ ਮੰਦਰ ਦੀ ਸੁਰੱਖਿਆ ਦੀਵਾਰ ਡਿਗ ਗਈ ਸੀ | ਸ. ਹਰਜੋਤ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ ਅਸੀਂ ਨੰਗਲ ਡੈਮ ਜਲ ਗਾਹ ਦੇ ਕੰਢੇ ਤੋਂ ਮਜ਼ਬੂਤ ਸੁਰੱਖਿਆ ਦੀਵਾਰ ਉਸਾਰ ਰਹੇ ਹਾਂ ਜਿਹੜੀ ਬਰਸਾਤ ਤੋਂ ਪਹਿਲਾਂ ਤਿਆਰ ਹੋ ਜਾਵੇਗੀ | ਸਾਡੀ ਸਰਕਾਰ ਛੇਤੀ ਹੀ ਬਰਾਰੀ, ਕਥੇੜਾ, ਕੰਚੇੜਾ ਆਦਿ ਪਿੰਡਾਂ (ਹੁਣ ਨਗਰ ਕੌਂਸਲ 'ਚ) ਦੇ ਨਿਵਾਸੀਆਂ ਨੂੰ ਜ਼ਮੀਨ ਦਾ ਮਾਲਕਾਨਾ ਹੱਕ ਦੇਵੇਗੀ | ਇਹ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਇਹ ਲੋਕ ਅਜੇ ਤੱਕ ਉਨ੍ਹਾਂ ਘਰਾਂ ਦੇ ਮਾਲਕ ਨਹੀਂ ਬਣੇ ਜਿੱਥੇ 60-70 ਸਾਲ ਤੋਂ ਰਹਿ ਰਹੇ ਹਨ |