05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸ਼ਹਿਰ ਦੀਆਂ ਸੜਕਾਂ 'ਤੇ ਮੌਤ ਦਾ ਤਾਂਡਵ

ਅਜੀਤ ਡੈਸਕ 30-03-2026
ਰੂਪਨਗਰ, 29 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)- ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਭੀੜ-ਭੜੱਕੇ ਵਾਲੇ ਬਾਜ਼ਾਰਾਂ 'ਚ ਤੇਜ਼ ਰਫ਼ਤਾਰ ਬਾਈਕ ਸਵਾਰਾਂ ਦਾ ਕਹਿਰ ਇਸ ਕਦਰ ਵਧ ਗਿਆ ਹੈ ਕਿ ਆਮ ਸ਼ਹਿਰੀਆ ਦਾ ਸੜਕ 'ਤੇ ਨਿਕਲਣਾ ਦੁੱਭਰ ਹੋ ਗਿਆ ਹੈ | ਨੌਜਵਾਨ ਪੀੜ੍ਹੀ 'ਚ ਓਵਰ ਸਪੀਡਿੰਗ ਅਤੇ ਖ਼ਤਰਨਾਕ ਸਟੰਟ ਬਾਜ਼ੀ ਦਾ ਵਧ ਰਿਹਾ ਇਹ ਨਵਾਂ ਟਰੈਂਡ ਹੁਣ ਰਾਹਗੀਰ ਲਈ ਸਿੱਧੀ ਮੌਤ ਦੀ ਘੰਟੀ ਸਾਬਤ ਹੋ ਰਿਹਾ ਹੈ | ਟਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਇਹ ਸਵਾਰ ਨਾ ਸਿਰਫ਼ ਆਪਣੀ ਜਾਨ ਜੋਖ਼ਮ 'ਚ ਪਾ ਰਹੇ ਹਨ, ਸਗੋਂ ਮਾਸੂਮ ਲੋਕਾਂ ਨੂੰ ਵੀ ਹਾਦਸਿਆਂ ਦਾ ਸ਼ਿਕਾਰ ਬਣਾ ਰਹੇ ਹਨ | ਜਾਣਕਾਰਾਂ ਅਨੁਸਾਰ ਇਹ ਨਵਾਂ ਰੁਝਾਨ ਸੋਸ਼ਲ ਮੀਡੀਆ 'ਤੇ 'ਰੀਲਾਂ' ਬਣਾਉਣ ਅਤੇ ਸਸਤੀ ਪ੍ਰਸਿੱਧੀ ਹਾਸਲ ਕਰਨ ਦੀ ਭੁੱਖ 'ਚੋਂ ਨਿਕਲਿਆ ਹੈ | ਮਹਿੰਗੇ ਅਤੇ ਮੋਡੀਫਾਈ ਕੀਤੇ ਸਾਇਲੈਂਸਰਾਂ ਵਾਲੇ ਬਾਈਕਾਂ ਰਾਹੀਂ ਪੈਦਾ ਕੀਤਾ ਜਾਂਦਾ ਸ਼ੋਰ ਪ੍ਰਦੂਸ਼ਣ ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਲਈ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ | ਰਾਤ ਦੇ ਸਮੇਂ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ, ਜਦੋਂ ਇਹ ਰਾਈਡਰ ਖ਼ਾਲੀ ਸੜਕਾਂ ਨੂੰ ਰੇਸਿੰਗ ਟਰੈਕ ਸਮਝ ਕੇ ਬਿਨਾਂ ਹੈਲਮੈਂਟ ਤੋਂ ਹਵਾ ਨਾਲ ਗੱਲਾਂ ਕਰਦੇ ਨਜ਼ਰ ਆਉਂਦੇ ਹਨ | ਸੜਕ ਕਿਨਾਰੇ ਪੈਦਲ ਚੱਲਣ ਵਾਲੇ ਅਤੇ ਸਾਈਕਲ ਸਵਾਰਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ | ਇੱਕ ਸਥਾਨਕ ਨਿਵਾਸੀ ਨੇ ਦੱਸਿਆ, ਇਹ ਸਵਾਰ ਇੰਨੀ ਤੇਜ਼ੀ ਨਾਲ ਗੁਜ਼ਰਦੇ ਹਨ ਕਿ ਪਿੱਛੇ ਮੁੜ ਕੇ ਦੇਖਣ ਦਾ ਵੀ ਸਮਾਂ ਨਹੀਂ ਮਿਲਦਾ | ਕਈ ਵਾਰ ਅਚਾਨਕ ਬਰੇਕ ਮਾਰਨ ਕਾਰਨ ਪਿੱਛੇ ਆ ਰਹੀਆਂ ਗੱਡੀਆਂ ਆਪਸ ਵਿਚ ਟਕਰਾ ਜਾਂਦੀਆਂ ਹਨ | ਇਸੇ ਤਰ੍ਹਾਂ-ਮੋਡੀਫਾਈਰ ਬਾਈਕ ਪਟਾਕੇ ਪਾਉਣ ਵਾਲੇ ਸਾਇਲੈਸਰਾਂ ਦੀ ਸ਼ਰੇਆਮ ਵਰਤੋਂ, ਚੱਲਦੀ ਟਰੈਫ਼ਿਕ ਵਿਚ ਕਰਤਬ ਵਿਖਾਉਣਾ, ਬਿਨਾਂ ਲਾਇਸੈਂਸ ਤੋਂ ਸਕੂਲੀ ਬੱਚਿਆਂ ਵਲੋਂ ਤੇਜ਼ ਰਫ਼ਤਾਰ ਵਾਹਨ ਚਲਾਉਣਾ ਤੇ ਨਾਕਿਆਂ ਤੇ ਪੁਲਿਸ ਦੀ ਸਖ਼ਤੀ ਦੀ ਕਮੀ, ਇਸ ਵਰਤਾਰੇ ਵਿਚ ਹੋਰ ਵਾਧਾ ਕਰਦੀ ਹੈ | ਹਾਲਾਂਕਿ ਪੁਲਿਸ ਵਲੋਂ ਸਮੇਂ-ਸਮੇਂ 'ਤੇ ਨਾਕੇਬੰਦੀ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ | ਸ਼ਹਿਰ ਦੇ ਮੁੱਖ ਚੌਕਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਮਹਿਜ਼ ਸੋਭਾ ਦੀ ਵਸਤੂ ਬਣ ਕੇ ਰਹਿ ਗਏ ਹਨ | ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਹੁੱਲੜਬਾਜ਼ਾਂ ਦੇ ਵਾਹਨ ਤੁਰੰਤ ਜ਼ਬਤ ਕੀਤੇ ਜਾਣ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਜਵਾਬਦੇਹ ਬਣਾਇਆ ਜਾਵੇ | ਜੇਕਰ ਸਮਾਂ ਰਹਿੰਦੇ ਇਸ ਰੁਝਾਨ ਨੂੰ ਨਾ ਨੱਥ ਪਾਈ ਗਈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ |
ਪਿਛਲੀ ਖ਼ਬਰ ਗੁਰਦੁਆਰਾ ਕਿਲ੍ਹਾ ਚੱਕ ਹੋਲਗੜ੍ਹ ਸਾਹਿਬ ਵਿਖੇ ਮਨਾਇਆ ਮਿਲਾਪ ਦਿਵਸ ਅਗਲੀ ਖ਼ਬਰ ਮਿਡਲ ਸਕੂਲ ਹਿਆਤਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਅਤੇ ਅਧਿਆਪਕ ਮਾਪੇ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।