ਸ੍ਰੀ ਚਮਕੌਰ ਸਾਹਿਬ, 25 ਮਾਰਚ (ਜਗਮੋਹਣ ਸਿੰਘ ਨਾਰੰਗ)-ਬਰਸਾਲਪੁਰ ਵਿਖੇ ਬਾਬਾ ਅਮਰਦਾਸ ਕਲੱਬ ਵਲੋਂ ਪੁਆਧ ਕਬੱਡੀ ਫੈਡਰੇਸ਼ਨ, ਐਨ.ਆਰ. ਆਈ. ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਪਹਿਲੇ ਕਬੱਡੀ ਕੱਪ ਵਿਚ ਲੈਹਲੀ ਦੀ ਜਾਨਦਾਰ ਟੀਮ ਨੇ ਖੁੱਡਾ ਅਲੀ ਸ਼ੇਰ ਦੀ ਟੀਮ ਨੂੰ ਹਰਾ ਕੇ ਕੱਪ 'ਤੇ ਕਬਜ਼ਾ ਕੀਤਾ | ਇਸ ਦੌਰਾਨ ਸ਼ੀਰਾ ਚੱਕ ਅਲੀਸ਼ੇਰ ਨੂੰ ਵਧੀਆ ਧਾਵੀ ਅਤੇ ਲਾਡੀ ਜੱਸੋਵਾਲ ਅਤੇ ਲਵੀ ਲੈਹਲੀ ਨੂੰ ਸਾਂਝੇ ਤੌਰ 'ਤੇ ਵਧੀਆ ਜਾਫੀ ਐਲਾਨਿਆ ਗਿਆ | ਮੁਕਾਬਲਿਆਂ ਦੌਰਾਨ ਆੜ੍ਹਤੀ ਕੁਲਵਿੰਦਰ ਸਿੰਘ ਭੰਗੂ ਪਿੰਡ ਬਰਸਾਲਪੁਰ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਸੇਵਕ ਸਿੰਘ ਨੂੰ ਪਲੈਟਿਨਾ ਮੋਟਰਸਾਈਕਲ ਅਤੇ ਕਬੱਡੀ ਖਿਡਾਰੀ ਹਨੀ ਤਾਊ ਬਰਸਾਲਪੁਰੀ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ 'ਚ ਪੁਆਧ ਕਬੱਡੀ ਫੈਡਰੇਸ਼ਨ ਦੀਆਂ 8 ਨਾਮੀ ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਲੈਸ ਲੈਹਲੀ ਅਤੇ ਖੁੱਡਾ ਅਲੀ ਸ਼ੇਰ ਦੀਆਂ ਟੀਮਾਂ ਦੀ ਫਾਈਨਲ 'ਚ ਹੋਈ ਜ਼ਬਰਦਸਤ ਭੇੜ ਦੌਰਾਨ ਲੈਹਲੀ ਦੀ ਟੀਮ ਜੇਤੂ ਰਹੀ | ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਖਿਡਾਰੀਆਂ ਅਤੇ ਨਗਰ ਦੀ ਸਿਹਤਯਾਬੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਉਪਰੰਤ ਸਮੂਹ ਕਮੇਟੀ ਮੈਂਬਰਾਂ ਵਲੋਂ ਸ਼ੁਰੂਆਤ ਕਰਵਾਈ ਗਈ | ਜੇਤੂ ਟੀਮਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੀ. ਏ. ਸੀ. ਕਮੇਟੀ ਮੈਂਬਰ ਬੀਰ ਦਵਿੰਦਰ ਸਿੰਘ ਬੱਲਾਂ, ਪੀ. ਸੀ. ਐਸ. ਅਧਿਕਾਰੀ ਬਲਜੀਤ ਸਿੰਘ ਬਰਸਾਲੁਰ, ਬੀ. ਡੀ. ਪੀ. ਓ. ਮੋਰਿੰਡਾ ਝਰਮਲ ਸਿੰਘ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਉਘੇ ਸਮਾਜਸੇਵੀ ਸੰਤ ਸਿੰਘ ਦਿਓਲ, ਅੰਤਰਰਾਸ਼ਟਰੀ ਖਿਡਾਰੀ ਜਗਤਾਰ ਧਨੌਲਾ ਨੇ ਸ਼ਿਰਕਤ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਇਨ੍ਹਾਂ ਮੁਕਾਬਲਿਆਂ ਲਈ ਅੰਤਰਰਾਸ਼ਟਰੀ ਕਬੱਡੀ ਕੂਮੈਂਟੇਟਰ ਸੁਰਜੀਤ ਕਕਰਾਲੀ, ਕੁਲਬੀਰ ਸਮਰੌਲੀ ਅਤੇ ਅਮਰੀਕ ਘੁੰਮਾਣਾ, ਜੱਸਾ ਘਰਖਣਾ ਆਦਿ ਨੇ ਬਤੌਰ ਕੁਮੈਂਟੇਟਰ ਭੂਮਿਕਾ ਅਦਾ ਕੀਤੀ | ਰੈਫ਼ਰੀ ਦੀ ਭੂਮਿਕਾ ਰਣਜੀਤ ਸਿੰਘ ਸ਼ਾਂਤ ਪੁਰ, ਸੰਜੂ ਮੌਜਪੁਰੀਆ ਅਤੇ ਸੇਠੀ ਦੁਸਾਰਨਾ ਨੇ ਅਦਾ ਕੀਤੀ | ਗੁਰਦੁਆਰਾ ਧੰਨ ਧੰਨ ਬਾਬਾ ਅਮਰਦਾਸ ਕਮੇਟੀ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਅੰਤ ਵਿਚ ਆੜ੍ਹਤੀ ਕੁਲਵਿੰਦਰ ਸਿੰਘ ਭੰਗੂ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਕਿੰਦਾਂ, ਕਲੱਬ ਪ੍ਰਧਾਨ ਰਮਨ ਨਿਊਜੀਲੈਂਡ, ਹਰਪ੍ਰੀਤ ਸਿੰਘ ਕਾਲਾ (ਸਪੁੱਤਰ ਸਵ: ਦਵਿੰਦਰ ਸਿੰਘ ਬਰਸਾਲਪੁਰ), ਗੁਰਿੰਦਰ ਇਟਲੀ, ਪ੍ਰਧਾਨ ਨਿਰਮਲ ਸਿੰਘ ਸਮਸ਼ੇਰ ਭੰਗੂ, ਪ੍ਰੀਤ ਸੋਹੀ ਇਟਲੀ, ਬਹਾਦਰ ਸਿੰਘ ਭੰਗੂ ਮੋਰਿੰਡਾ, ਜੰਟਾ ਕੈਨੇਡਾ, ਜੱਸ ਭੰਗੂ, ਕਮਲਜੀਤ ਭੰਗੂ, ਜੋਤ ਗ੍ਰੀਸ, ਅਮਰੀਕ ਸਿੰਘ, ਸੁਦਾਗਰ ਸਿੰਘ, ਚੰਦ ਸਿੰਘ ਕਲਕੱਤਾ, ਬਹਾਦਰ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰਾਂ ਨੇ ਮੁਕਾਬਲਿਆਂ ਦੀ ਸਫਲਤਾ ਲਈ ਸਹਿਯੋਗ ਦਿੱਤਾ |