01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਟਰੈਫ਼ਿਕ ਸੁਧਾਰਾਂ ਸੰਬੰਧੀ ਸੜਕ ਸੁਰੱਖਿਆ ਕਮੇਟੀ ਸਿਰਫ਼ ਮੀਟਿੰਗਾਂ ਕਰਨ ਤੱਕ ਹੀ ਸੀਮਤ ਠੋਸ ਕਦਮ ਚੁੱਕਣ ਦੀ ਲੋੜ

ਮਾਨਸਾ, 31 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਟਰੈਫ਼ਿਕ ਸੁਧਾਰਾਂ ਸਬੰਧੀ ਸੜਕ ਸੁਰੱਖਿਆ ਕਮੇਟੀ ਸਿਰਫ਼ ਮੀਟਿੰਗਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਮੀਟਿੰਗ ਦੌਰਾਨ ਦਾਅਵੇ ਤੇ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਅਸਲ ਮਾਅਨਿਆਂ ’ਚ ਹਾਦਸਿਆਂ ਨੂੰ ਘਟਾਉਣ ਲਈ ਕੋਈ ਨਿੱਗਰ ਯਤਨ ਨਹੀਂ ਕੀਤੇ ਜਾ ਰਹੇ।

ਅਜੀਤ ਡੈਸਕ 01-09-2026
ਮਾਨਸਾ, 31 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਟਰੈਫ਼ਿਕ ਸੁਧਾਰਾਂ ਸਬੰਧੀ ਸੜਕ ਸੁਰੱਖਿਆ ਕਮੇਟੀ ਸਿਰਫ਼ ਮੀਟਿੰਗਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਮੀਟਿੰਗ ਦੌਰਾਨ ਦਾਅਵੇ ਤੇ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਅਸਲ ਮਾਅਨਿਆਂ ’ਚ ਹਾਦਸਿਆਂ ਨੂੰ ਘਟਾਉਣ ਲਈ ਕੋਈ ਨਿੱਗਰ ਯਤਨ ਨਹੀਂ ਕੀਤੇ ਜਾ ਰਹੇ। ਸ਼ਹਿਰਾਂ / ਕਸਬਿਆਂ ’ਚ ਟਰੈਫ਼ਿਕ ਸਮੱਸਿਆ ਗੰਭੀਰ ਹੋਈ ਪਈ ਹੈ, ਟੁੱਟੀਆਂ ਸੜਕਾਂ ਨਿੱਤ ਹਾਦਸਿਆਂ ਨੂੰ ਜਨਮ ਦੇ ਰਹੀਆਂ ਹਨ ਅਤੇ ਅਣਅਧਿਕਾਰਤ ਵਾਹਨ ਸ਼ਰੇਆਮ ਚੱਲ ਰਹੇ ਹਨ। ਕਾਫ਼ੀ ਸਕੂਲ ਵੈਨਾਂ ਦੀ ਹਾਲਤ ਤਰਸਯੋਗ ਹੈ ਜਦਕਿ ਵਿਦਿਆਰਥੀਆਂ ਨੂੰ ਸਕੂਲ ਲਿਜਾਣ ਵਾਲਾ ਆਟੋ-ਰਿਕਸ਼ਾ ਬੱਚਿਆਂ ਨਾਲ ਇਸ ਕਦਰ ਲੱਦੇ ਹੋਏ ਹੁੰਦੇ ਹਨ, ਜਿਸ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਕਦੋਂ ਵੀ ਕੋਈ ਦੁਰਘਟਨਾ ਵਾਪਰ ਸਕਦੀ ਹੈ। ਭੂੰਗ ਵਾਲੀਆਂ ਟਰਾਲੀਆਂ ਨਿੱਤ ਰੋਜ਼ ਮੁੱਖ ਸੜਕਾਂ ’ਤੇ ਆਉਂਦੀਆਂ-ਜਾਂਦੀਆਂ ਹਨ, ਮਿੱਟੀ, ਇੱਟਾਂ ਆਦਿ ਢਾਹੁਣ ਵਾਲੀਆਂ ਟਰਾਲੀਆਂ ’ਤੇ ਤਰਪਾਲ ਨਹੀਂ ਪਾਈ ਜਾਂਦੀ ਅਤੇ ਇਨ੍ਹਾਂ ’ਚ ਵਜ਼ਨ ਵੀ ਦੁੱਗਣਾ ਪਾਇਆ ਜਾਂਦਾ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਭਵਾਨੀਗੜ੍ਹ-ਕੋਟ ਸ਼ਮੀਰ ਰਾਜ ਮਾਰਗ ਜੋ ਚਹੁ-ਮਾਰਗੀ ਬਣ ਰਿਹਾ ਹੈ, ਦੇ ਮੱਦੇਨਜ਼ਰ ਕਈ ਥਾਵਾਂ ’ਤੇ ਪੁਲ ਆਦਿ ਵੀ ਬਣ ਰਹੇ ਹਨ ਪਰ ਦਿਸ਼ਾ-ਸੂਚਕ ਬੋਰਡ ਕਿਧਰੇ ਨਜ਼ਰ ਨਹੀਂ ਪੈਂਦੇ। ਮੁੱਖ ਤੇ ਸੰਪਰਕ ਸੜਕਾਂ ਦੀਆਂ ਦੋਵੇਂ ਸਾਈਡਾਂ ’ਤੇ ਪਹਾੜੀ ਕਿੱਕਰਾਂ ਇੱਥੋਂ ਤੱਕ ਫੈਲਰ ਗਈਆਂ ਹਨ, ਜੋ ਆਵਾਜਾਈ ਵਿਘਨ ਪਾ ਰਹੀਆਂ ਹਨ। ਇਨ੍ਹਾਂ ਕਿੱਕਰਾਂ ਦੀਆਂ ਟਾਹਣੀਆਂ ਕਰ ਕੇ ਜ਼ਿਲ੍ਹੇ ’ਚ ਕਈ ਹਾਦਸੇ ਵਾਪਰ ਚੁੱਕੇ ਹਨ। ਸ਼ਹਿਰਾਂ ’ਚ ਨਜਾਇਜ਼ ਕਬਜ਼ਿਆਂ ਅਤੇ ਉੱਗੜ-ਦੁੱਗੜ ਖੜ੍ਹੇ ਵਾਹਨ ਰਾਹਗੀਰਾਂ ਲਈ ਸਿਰਦਰਦੀ ਹੀ ਨਹੀਂ ਬਣਦੇ ਬਲਕਿ ਜਾਮ ਦਾ ਕਾਰਨ ਵੀ ਬਣ ਰਹੇ ਹਨ। ਮਾਨਸਾ ਸ਼ਹਿਰ ’ਚ ਤਾਂ ਟਰੈਫ਼ਿਕ ਸਮੱਸਿਆ ਇੰਨੀ ਗੰਭੀਰ ਹੋ ਗਈ ਹੈ ਕਿ ਲੋਕ ਮੁੱਖ ਬਾਜ਼ਾਰ ’ਚ ਵਾਹਨ ਲਿਜਾਣ ਸਮੇਂ ਕਈ ਵਾਰ ਸੋਚਦੇ ਹਨ। ਉੱਪਰੋਂ ਬੁਲਟ-ਮੋਟਰਸਾਈਕਲਾਂ ’ਤੇ ਪਟਾਕੇ ਵਜਾਉਂਦੇ ਅੱਲ੍ਹੜ ਐਨੀ ਤੇਜ਼ ਚਲਾਉਂਦੇ ਹਨ ਕਿ ਆਮ ਲੋਕ ਰੱਬ-ਰੱਬ ਕਰਨ ਲੱਗ ਜਾਂਦੇ ਹਨ। ਟਰੈਫ਼ਿਕ ਪੁਲਿਸ ਦੇ ਇੰਚਾਰਜ ਦਾ ਕੁਝ ਦਿਨਾਂ ਬਾਅਦ ਤਬਾਦਲਾ ਹੋ ਜਾਂਦਾ ਹੈ। ਉਹ ਦਾਅਵੇ ਤਾਂ ਵੱਡੇ ਕਰਦੇ ਹਨ ਪਰ ਟਰੈਫ਼ਿਕ ’ਚ ਸੁਧਾਰ ਲਿਆਉਣ ਲਈ ਨਾਕਾਮ ਸਾਬਤ ਹੋ ਰਹੇ ਹਨ। ਜ਼ਿਲ੍ਹਾ ਵਾਸੀਆਂ ਦੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਸੜਕੀ ਹਾਦਸੇ ਘਟਾਉਣ ਲਈ ਕੁਝ ਦਿਨਾਂ ਬਾਅਦ ਮੀਟਿੰਗਾਂ ਕਰਨ ਦੀ ਲੋੜ ਨਹੀਂ ਸਗੋਂ ਠੋਸ ਕਦਮ ਚੁੱਕਣ ਦੀ ਲੋੜ ਹੈ। ਏ.ਡੀ.ਸੀ. ਵਲੋਂ ਸੜਕ ਆਵਾਜਾਈ ਸੁਚਾਰੂ ਬਣਾਉਣ ਦੇ ਆਦੇਸ਼ ਉੱਧਰ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਵਲੋਂ ਜ਼ਿਲ੍ਹੇ ’ਚ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ, ਦੁਰਘਟਨਾਵਾਂ ’ਤੇ ਠੱਲ੍ਹ ਪਾਉਣ ਲਈ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨਾਲ ਮੀਟਿੰਗ ਕੀਤੀ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਵਿਅਕਤੀ ਜਾਂ ਸੰਸਥਾਵਾਂ ਕੌਂਸਲ ਤੋਂ ਨਕਸ਼ੇ ਪਾਸ ਕਰਵਾਉਣ ਤੋਂ ਬਾਅਦ ਅਣਅਧਿਕਾਰਤ ਤੌਰ ’ਤੇ ਉਸਾਰੀਆਂ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਸਕੂਲੀ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕਿਸੇ ਵੀ ਵਾਹਨ ’ਚ ਸੁਰੱਖਿਆ ਨਿਯਮਾਂ ਦੀ ਕਮੀ ਜਾਂ ਕੋਈ ਅਨਿਯਮਤਾ ਪਾਈ ਜਾਂਦੀ ਹੈ ਤਾਂ ਉਸ ਵਾਹਨ ਨੂੰ ਮੌਕੇ ’ਤੇ ਹੀ ਤੁਰੰਤ ਜ਼ਬਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸੜਕ ਹਾਦਸੇ ਤੋਂ ਬਾਅਦ ਦਾ ਪਹਿਲਾ ਇਕ ਘੰਟਾ (ਜਿਸ ਨੂੰ ‘ਗੋਲਡਨ ਆਵਰ’ ਕਿਹਾ ਜਾਂਦਾ ਹੈ) ਕਿਸੇ ਵੀ ਜ਼ਖ਼ਮੀ ਦੀ ਜਾਨ ਬਚਾਉਣ ਲਈ ਸਭ ਤੋਂ ਸੁਚੱਜਾ ਅਤੇ ਮਹੱਤਵਪੂਰਨ ਸਮਾਂ ਹੁੰਦਾ ਹੈ। ਇਸ ਸਮੇਂ ਦੌਰਾਨ ਜੇਕਰ ਕੋਈ ਨਾਗਰਿਕ ਕਿਸੇ ਜ਼ਖਮੀ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਉਂਦਾ ਹੈ ਤਾਂ ਉਸ ਨੂੰ 25 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਅਤੇ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੀ.ਐਮ. ਰਾਹਤ ਯੋਜਨਾ ਤਹਿਤ ਜ਼ਖਮੀਆਂ ਨੂੰ ਹਸਪਤਾਲ ’ਚ ਡੇਢ ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸੁਵਿਧਾ ਮਿਲਦੀ ਹੈ। ਇਸ ਮੌਕੇ ਆਰ.ਟੀ.ਓ ਚਰਨਜੋਤ ਸਿੰਘ ਵਾਲੀਆ ਤੋਂ ਇਲਾਵਾ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਮਿਸ਼ਨ ‘ਕਲੀਨ ਪੰਜਾਬ’ ਮੁਹਿੰਮ ਤਹਿਤ ਵਾਰਡਾਂ ’ਚ ਸਫ਼ਾਈ ਮੁਹਿੰਮ ਤੇਜ਼ ਅਗਲੀ ਖ਼ਬਰ ਦਸਮੇਸ਼ ਸਕੂਲਾਂ ਦੇ ਗਤਕਾ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।