08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

‘ਪਿਤਾ’ ਪਰਿਵਾਰ ਦਾ ਪਾਲਣਹਾਰ, ਬੱਚਿਆਂ ਦੇ ਸੁਪਨਿਆਂ ਦਾ ਸਿਰਜਣਹਾਰ’

ਅਜੀਤ ਡੈਸਕ 21-06-2026

ਬਠਿੰਡਾ, 20 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਪਿਤਾ’ ਇਕ ਪਰਿਵਾਰ ਦਾ ਮੁਖੀ ਹੈ, ਜਿਸ ਦੇ ਯੋਗਦਾਨ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ‘ਪਿਤਾ’ ਖ਼ੁਦ �ਖ-ਸੌਖ ਤੇ ਮੁਸੀਬਤਾਂ ਝੱਲ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਬੱਚਿਆਂ ਦੀਆਂ ਖ਼ੁਸ਼ੀਆਂ ਅਤੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਦਾ ਹੈ। ਇਸੇ ਕਰਕੇ ਉਸ ਨੂੰ ਸਮਾਜ ਵਿਚ ‘ਪਾਲਣਹਾਰ’ ਦਾ ਦਰਜਾ ਦਿੱਤਾ ਜਾਂਦਾ ਹੈ। ਇਸੇ ਕਰਕੇ ਇਸ ਵਾਰ ‘ਪਿਤਾ’ ਨੂੰ ਸਨਮਾਨ ਦੇਣ ਅਤੇ ਖ਼ਾਸ ਮਹਿਸੂਸ ਕਰਵਾਉਣ ਲਈ 21 ਜੂਨ ਨੂੰ ‘ਪਿਤਾ ਦਿਵਸ’ ਮਨਾਇਆ ਜਾਣਾ ਹੈ। ਹਾਲਾਂਕਿ ‘ਪਿਤਾ’ ਦਿਵਸ ਮਨਾਉਣ ਦੀ ਸ਼ੁਰੂਆਤ 20ਵੀਂ ਸਦੀ ਦੇ ਸ਼ੁਰੂ ਵਿਚ ਹੋਈ ਪਿਤਾ ਦਿਵਸ ਸਾਨੂੰ ਆਪਣੇ ਪਿਤਾ ਦੇ ਯੋਗਦਾਨ, ਪਿਆਰ ਅਤੇ ਤਿਆਗ ਲਈ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ।
ਪਿਤਾ ਦੀ ਜ਼ਿੰਦਗੀ ਵਿਚ ਵਡਮੁੱਲੀ ਦੇਣ- ਕਿਰਨਦੀਪ ਸਿੰਘ ਸਿੱਧੂ
ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਢੱਡੇ (ਬਠਿੰਡਾ) ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਦੇ ਫ਼ਰਜੰਦ ਕਿਰਨਦੀਪ ਸਿੰਘ ਸਿੱਧੂ ਸਿਡਨੀ (ਆਸਟ੍ਰੇਲੀਆ) ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਪ੍ਰੇਰਨਾ ਸਰੋਤ ਉਸ ਦੇ ‘ਪਿਤਾ’ ਹੀ ਹਨ। ਜੇਕਰ ਉਹ ਅੱਜ ਆਤਮ-ਨਿਰਭਰ ਹੋਇਆ ਹੈ ਤਾਂ ਉਸ ਵਿਚ ਉਸ ਦੇ ਪਿਤਾ ਦੀ ਵਡਮੁੱਲੀ ਦੇਣ ਹੈ। ਕਿਰਨਦੀਪ ਆਖਦਾ ਕਿ ਇਕ ‘ਪਿਤਾ’ ਹੋਣ ਦੇ ਨਾਲ-ਨਾਲ ਉਹ ਮੇਰੇ ਮਾਰਗਦਰਸ਼ਕ ਅਤੇ ਹਮੇਸ਼ਾ ਹੌਸਲਾ ਦੇਣ ਵਾਲੇ ਸਾਥੀ ਹਨ, ਜਿਨ੍ਹਾਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਦੂਰਅੰਦੇਸ਼ੀ ਨਾਲ ਨਾ ਸਿਰਫ਼ ਆਪਣੇ ਪਰਿਵਾਰ ਨੂੰ ਸਫਲਤਾ ਦੇ ਰਾਹ ‘ਤੇ ਲਿਆਂਦਾ, ਸਗੋਂ ਸਮਾਜ ਵਿਚ ਵੀ ਇਕ ਵਿਲੱਖਣ ਪਛਾਣ ਬਣਾਈ ਹੈ। ਅੱਜ ਮੈਂ ਆਸਟ੍ਰੇਲੀਆ ਵਿਚ ਰਹਿ ਕੇ, ਜੋ ਕੁਝ ਵੀ ਹਾਸਲ ਕੀਤਾ ਹੈ, ਉਸ ਦੇ ਪਿੱਛੇ ਮੇਰੇ ਪਿਤਾ ਜੀ ਦੀਆਂ ਸਿੱਖਿਆਵਾਂ, ਸੰਸਕਾਰ ਅਤੇ ਕੁਰਬਾਨੀਆਂ ਹਨ। ਉਨ੍ਹਾਂ ਨੇ ਹਮੇਸ਼ਾ ਮੈਨੂੰ ਮਿਹਨਤ ਕਰਨ, ਸੱਚ ਦੇ ਰਾਹ ‘ਤੇ ਚੱਲਣ ਅਤੇ ਹਰ ਹਾਲਾਤ ਵਿਚ ਡਟ ਕੇ ਖੜ੍ਹੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਦਾ ‘ਸਾਥ’ ਅਤੇ ‘ਅਸੀਸ’ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ। ‘ਫਾਦਰਜ਼ ਡੇ’ ਦੇ ਇਸ ਖ਼ਾਸ ਮੌਕੇ ‘ਤੇ ਮੈਂ ਆਪਣੇ ਪਿਤਾ ਨੂੰ ਦਿਲੋਂ ਸਿਜਦਾ ਕਰਦਾ ਹਾਂ ਅਤੇ ਰੱਬ ਅੱਗੇ ਅਰਦਾਸ ਕਰਦਾ ਕਿ ਉਹ ਉਨ੍ਹਾਂ ਨੂੰ ਚੰਗੀ ਸਿਹਤ, ਲੰਬੀ ਉਮਰ ਅਤੇ ਹਰ ਖ਼ੁਸ਼ੀਆਂ ਬਖ਼ਸ਼ਣ।
ਮੁਸ਼ਕਿਲ ਸਮੇਂ ਵਿਚ ‘ਪਿਤਾ’ ਦੇ ਹੌਸਲੇ ਭਰੇ ਬੋਲ ਬਣੇ ‘ਸਹਾਰਾ’-ਵਿਕਰਮਜੀਤ ਗਰੋਵਰ
ਬੀ.ਕਾਮ (ਫਾਈਨਲ ਈਅਰ) ਦੇ ਵਿਦਿਆਰਥੀ ਵਿਕਰਮਜੀਤ ਗਰੋਵਰ ਦਾ ਕਹਿਣਾ ਹੈ ਕਿ ਪਿਤਾ ਇੰਜੀ. ਅਸ਼ੋਕ ਗਰੋਵਰ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਅਤੇ ਪ੍ਰੇਰਨਾ ਹਨ। ਉਨ੍ਹਾਂ ਨੇ ਆਪਣੀ ਮਿਹਨਤ, ਤਿਆਗ ਅਤੇ ਨੇਕ ਸੋਚ ਨਾਲ ਨਾ ਸਿਰਫ਼ ਸਾਡੇ ਪਰਿਵਾਰ ਨੂੰ ਸੰਵਾਰਿਆ, ਸਗੋਂ ਮੈਨੂੰ ਵੀ ਜੀਵਨ ਦੇ ਸਹੀ ਰਾਹ ‘ਤੇ ਤੁਰਨਾ ਸਿਖਾਇਆ। ਜਦੋਂ ਵੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਆਈ, ਉਨ੍ਹਾਂ ਦੇ ਹੌਸਲੇ ਭਰੇ ਬੋਲ ਅਤੇ ਅਸੀਸਾਂ ਮੇਰਾ ਸਹਾਰਾ ਬਣੇ। ਉਨ੍ਹਾਂ ਦਾ ਪਿਆਰ, ਤਿਆਗ ਅਤੇ ਸਮਰਪਣ ਮੇਰੇ ਲਈ ਅਨਮੋਲ ਹਨ। ਮੈ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਉਨ੍ਹਾਂ ਵਰਗੇ ਸਨੇਹੀ, ਮਿਹਨਤੀ ਅਤੇ ਉੱਚੇ ਵਿਚਾਰਾਂ ਵਾਲੇ ਪਿਤਾ ਦੀ ਛਤਰ ਛਾਇਆ ਪ੍ਰਾਪਤ ਹੋਈ ਹੈ। ਮੈਨੂੰ ਆਪਣੇ ਪਿਤਾ ‘ਤੇ ਮਾਣ ਹੈ ਅਤੇ ਮੈ ਉਨ੍ਹਾਂ ਦਾ ਕਰਜ਼ ਸਾਰੀ ਉਮਰ ਨਹੀਂ ਦੇ ਸਕਦਾ।
ਪਿਤਾ ਦੀ ਦੇਣ, ਸਾਰੀ ਉਮਰ ਨਹੀਂ ਦੇ ਸਕਦਾ-ਪ੍ਰੋ. ਅਮਰਵੀਰ ਲਾਡੀ ਗਰੇਵਾਲ
ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ ਬਠਿੰਡਾ ਵਿਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਅਮਰਵੀਰ ਸਿੰਘ ਲਾਡੀ ਗਰੇਵਾਲ ਨੇ ‘ਪਿਤਾ ਦਿਵਸ’ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਿਤਾ ਦੀ ਅਹਿਮੀਅਤ ਹਰ ਇਨਸਾਨ ਦੀ ਜ਼ਿੰਦਗੀ ਵਿਚ ਬੇਹੱਦ ਖ਼ਾਸ ਹੁੰਦੀ ਹੈ। ਇਕ ਪਿਤਾ ਭਾਵੇਂ ਆਪਣੇ ਬੱਚਿਆਂ ਪ੍ਰਤੀ ਕਈ ਵਾਰ ਸਖ਼ਤ ਦਿਖਾਈ ਦਿੰਦਾ ਹੈ, ਪਰ ਉਹ ਨਾਰੀਅਲ ਵਾਂਗ ਹੁੰਦਾ ਹੈ, ਜੋ ਬਾਹਰੋਂ ਸਖ਼ਤ ਪਰ ਅੰਦਰੋਂ ਬਹੁਤ ਹੀ ਨਰਮ ਹੁੰਦਾ। ਪਿਤਾ ਆਪਣੇ ਬੱਚਿਆਂ ਦੀ ਹਰ ਲੋੜ ਅਤੇ ਖ਼ੁਆਇਸ਼ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਦਾ ਹੈ, ਇਸ ਲਈ ਉਸ ਨੂੰ ਪਰਿਵਾਰ ਦਾ ‘ਪਾਲਣਹਾਰ’ ਕਿਹਾ ਜਾਂਦਾ ਹੈ। ਮੇਰੇ ਪਿਤਾ ਸ. ਰਣਜੀਤ ਸਿੰਘ ਗਰੇਵਾਲ (ਸਾਬਕਾ ਜ਼ਿਲ੍ਹਾ ਖੇਡ ਅਫ਼ਸਰ, ਬਠਿੰਡਾ) ਮੇਰੇ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਅਨੁਸ਼ਾਸਨ, ਮਿਹਨਤ ਅਤੇ ਇਮਾਨਦਾਰੀ ਨਾਲ ਬਿਤਾਈ ਹੈ। ਅੱਜ ਉਨ੍ਹਾਂ ਦੀ ਯੋਗ ਅਗਵਾਈ ਦੇ ਸਦਕੇ ਅਸੀਂ ਜ਼ਿੰਦਗੀ ਵਿਚ ‘ਮੌਜਾਂ’ ਮਾਣ ਰਹੇ ਹਾਂ, ਉਨ੍ਹਾਂ ਦੀ ਕੋਈ ਵੀ ਦੇਣ ਮੈਂ ਸਾਰੀ ਉਮਰ ਨਹੀਂ ਦੇ ਸਕਦਾ। ਉਹ ਇਕ ਚੰਗੇ ਮਾਰਗਦਰਸ਼ਕ ਹੋਣ ਦੇ ਨਾਲ ਨਾਲ ਮੇਰੇ ਵਧੀਆ ਦੋਸਤ ਵੀ ਹਨ। ਇਸ ਕਰਕੇ ਮੇਰੇ ਲਈ ਹਰ ਦਿਨ ‘ਪਿਤਾ ਦਿਵਸ’ ਹੈ
ਮੇਰੀ ਹਰ ਕਾਮਯਾਬੀ ਦੇ ਪਿੱਛੇ ਪਿਤਾ ਦੀ ‘ਮਿਹਨਤ’ ਅਤੇ ‘ਦੁਆਵਾਂ’ ਦਾ ‘ਹੱਥ’- ਡਾ. ਸੁਰਜੀਤ ਸਿੰਘ
ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਸਾਬਕਾ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਮੇਰੀ ਹਰ ਕਾਮਯਾਬੀ ਦੇ ਪਿੱਛੇ ਪਿਤਾ ਪ੍ਰਿੰ. ਬੀ.ਡੀ. ਸ਼ਰਮਾ ਜੀ ਦੀ ‘ਮਿਹਨਤ’ ਅਤੇ ‘ਦੁਆਵਾਂ’ ਦਾ ‘ਹੱਥ’ ਹੈ। ਉਹ ਸਿਰਫ਼ ਮੇਰੇ ‘ਪਿਤਾ’ ਹੀ ਨਹੀਂ, ਸਗੋਂ ਮੇਰੇ ਪਹਿਲੇ ਅਧਿਆਪਕ, ਮਾਰਗਦਰਸ਼ਕ ਅਤੇ ਪ੍ਰੇਰਨਾ ਸਰੋਤ ਹਨ। ਉਨ੍ਹਾਂ ਵਲੋਂ ਦਿੱਤੇ ਸੰਸਕਾਰਾਂ, ਸਿੱਖਿਆ ਅਤੇ ਜੀਵਨ ਮੁੱਲਾਂ ਨੇ ਮੈਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ ਹੈ ਅਤੇ ਸਿੱਖਿਆ ਖੇਤਰ ‘ਚ ਉੱਚ ਮੁਕਾਮ ਹਾਸਲ ਕਰਵਾਇਆ। ਡਾ. ਸੁਰਜੀਤ ਦਾ ਕਹਿਣਾ ਹੈ ਕਿ ਪਿਤਾ ਉਹ ‘ਮੱਘਦਾ’ ਸੂਰਜ ਹੁੰਦਾ ਹੈ, ਜਿਸ ਦੀ ‘ਤਪਸ਼’ ਅਕਸਰ ਹੀ ਪੁੱਤ ਨੂੰ ਹੀਰਾ ਬਣਾ ਦਿੰਦੀ ਹੈ। ਸਾਡਾ ਸਮੁੱਚਾ ਪਰਿਵਾਰ ਬਹੁਤ ਹੀ ਖੁਸ਼ਕਿਸਮਤ ਹੈ ਕਿ ਸਾਨੂੰ ਸ੍ਰੀ ਬੀ.ਡੀ. ਸ਼ਰਮਾ ਜੀ ਦੇ ਮਾਰਗਦਰਸ਼ਨ ਨੇ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਹਰ ਮੰਜ਼ਿਲ ਸਰ ਕਰਵਾਈ ਹੈ। ਅਸੀਂ ਆਪਣੇ ਪਿਤਾ ਦੀ ਦੇਣ ਕਦੇ ਵੀ ਨਹੀਂ ਦੇ ਸਕਦੇ। ਹੁਣ ਵੀ ਉਨ੍ਹਾਂ ਦਾ ਸਾਥ ਅਤੇ ਅਸ਼ੀਰਵਾਦ ਮੇਰੇ ਲਈ ਸਭ ਤੋਂ ਵੱਡੀ ਦੌਲਤ ਹੈ। ਰੱਬ ਅੱਗੇ ਇਹੀਂ ਅਰਦਾਸ ਹੈ ਕਿ ਉਹ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ, ਚੰਗੀ ਸਿਹਤ, ਖ਼ੁਸ਼ੀਆਂ ਭਰਿਆ ਜੀਵਨ ਅਤੇ ਲੰਮੀ ਉਮਰ ਬਖ਼ਸ਼ਣ।
‘ਪਿਤਾ’ ਬੱਚਿਆਂ ਦੇ ਰਸਤੇ ‘ਚ ਆਏ ‘ਕੰਡਿਆਂ’ ਨੂੰ ‘ਫੁੱਲਾਂ’ ਵਿਚ ਬਦਲਣ ਦੀ ਕੋਸ਼ਿਸ਼ ਕਰਦਾ- ਪ੍ਰਿੰ. ਅਵਤਾਰ ਸਿੰਘ

‘ਪਿਤਾ ਦਿਵਸ’ ਮੌਕੇ ਬਠਿੰਡਾ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਵਤਾਰ ਸਿੰਘ ਨੇ ਆਪਣੇ ਪਿਤਾ ਤੇ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਹਰ ਦਿਨ ਹੀ ‘ਪਿਤਾ ਦਿਵਸ’ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਜੀਵਨ ਦੇ ਹਰ ਮੋੜ ‘ਤੇ ਮੋਢੇ ਨਾਲ ਮੋਢਾ ਲਗਾ ਕੇ ਸਾਥ ਦਿੱਤਾ, ਹੌਸਲਾ ਵਧਾਇਆ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰਿੰ. ਅਵਤਾਰ ਸਿੰਘ ਨੇ ਕਿਹਾ ਕਿ ‘ਪਿਤਾ’ ਉਹ ਸ਼ਖ਼ਸੀਅਤ ਹੁੰਦਾ ਹੈ, ਜੋ ਆਪਣੇ ਬੱਚਿਆਂ ਦੇ ਰਸਤੇ ਵਿਚ ਆਉਣ ਵਾਲੇ ‘ਕੰਡਿਆਂ’ ਨੂੰ ‘ਫੁੱਲਾਂ’ ਵਿਚ ਬਦਲਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਦੁਨੀਆ ਵਿਚ ‘ਪਿਤਾ’ ਹੀ ਉਹ ਇਨਸਾਨ ਹੈ, ਜੋ ਦਿਲੋਂ ਚਾਹੁੰਦਾ ਹੈ ਕਿ ਉਸ ਦੇ ਬੱਚੇ ਉਸ ਤੋਂ ਵੀ ਵੱਧ ਕਾਮਯਾਬ ਹੋਣ। ਬੱਚਿਆਂ ਲਈ ‘ਪਿਤਾ’ ਕਿਸੇ ਰੱਬ ਤੋਂ ਘੱਟ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਮਹਿੰਦਰ ਸਿੰਘ ਨੂੰ ਹਮੇਸ਼ਾ ਕਿਸੇ ਨਾ ਕਿਸੇ ਰਚਨਾਤਮਿਕ ਕੰਮ ਵਿਚ ਰੁੱਝਿਆ ਦੇਖਦੇ ਹਨ। ਜਿੱਥੇ ਉਹ ਘਰੇਲੂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਂਦੇ ਹਨ, ਉੱਥੇ ਹੀ ਸਕੂਲ ਪ੍ਰਤੀ ਵੀ ਪੂਰੀ ਤਰ੍ਹਾਂ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਜੀਵਨ ਵਿਚ ਕਿਸੇ ਵੀ ਟੀਚੇ ਨੂੰ ਹਾਸਲ ਕਰਨ ਲਈ ਮਾਪਿਆਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੁੰਦੀ ਹੈ। ਅੱਜ ਉਹ ਜਿਸ ਵੀ ਮੁਕਾਮ ‘ਤੇ ਪਹੁੰਚੇ ਹਨ, ਉਹ ਆਪਣੇ ਮਾਪਿਆਂ ਦੀ ਮਿਹਨਤ, ਤਿਆਗ ਅਤੇ ਅਸੀਸਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਇਹ ਕਰਜ਼ਾ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ ਅਤੇ ਉਹ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ।

 

ਪਿਛਲੀ ਖ਼ਬਰ 12.35 ਗ੍ਰਾਮ ਚਿੱਟੇ ਸਮੇਤ 2 ਨਸ਼ਾ ਤਸਕਰ ਆਏ ਪੁਲਿਸ ਅੜਿੱਕੇ ਅਗਲੀ ਖ਼ਬਰ ਪੰਜਾਬ ਕਾਂਗਰਸ ’ਚ ਤਬਦੀਲੀ ਨੂੰ ਲੈ ਕੇ ਫ਼ੈਸਲਾ ਕਿਸੇ ਵੀ ਵੇਲੇ ਸੰਭਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।