ਮਲੇਰਕੋਟਲਾ, 3 ਜੂਨ (ਮੁਹੰਮਦ ਹਨੀਫ਼ ਥਿੰਦ)- ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਮਲੇਰਕੋਟਲਾ ਦੇ ਭੀੜ-ਭੜੱਕੇ ਵਾਲੇ ਸਦਰ ਬਾਜ਼ਾਰ ਵਿਖੇ ਸ਼ੇਖ਼ਾਂ ਦੀ ਕਾਸਮੈਟਿਕ ਦੀ ਮਸ਼ਹੂਰ ਹੱਟੀ 'ਚੋਂ ਇੱਕ ਚੋਰ ਸੱਬਲ ਨਾਲ ਦੁਕਾਨ ਦੇ ਗਲੀ 'ਚ ਲੱਗੇ ਛੋਟੇ ਸ਼ਟਰ ਨੂੰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਿਆ | ਚੋਰੀ ਦੀ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਉਪਰੋਕਤ ਜਾਣਕਾਰੀ ਦਿੰਦਿਆਂ ਦੁਕਾਨਦਾਰ ਮੁਹੰਮਦ ਜ਼ੁਬੈਰ ਅਲੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਰੁਟੀਨ ਮੁਤਾਬਿਕ ਆਪਣੀ ਦੁਕਾਨ ਨੂੰ ਬੰਦ ਕਰਕੇ ਸੌਣ ਲਈ ਦੁਕਾਨ ਦੇ ਉੱਪਰ ਹੀ ਬਣੀ ਆਪਣੀ ਰਿਹਾਇਸ਼ 'ਚ ਚਲੇ ਗਏ ਸੀ | ਉਨ੍ਹਾਂ ਦੱਸਿਆ ਕਿ ਦੁਕਾਨ ਵਿਚ ਹੋਈ ਚੋਰੀ ਦਾ ਉਨ੍ਹਾਂ ਨੂੰ ਸਵੇਰੇ ਪਤਾ ਚੱਲਿਆ | ਉਨ੍ਹਾਂ ਅੱਗੇ ਦੱਸਿਆ ਕਿ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਸਾਰੀ ਘਟਨਾ ਕੈਦ ਹੋ ਗਈ | ਉਨ੍ਹਾਂ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਨੌਜਵਾਨ ਖ਼ਿਲਾਫ਼ ਥਾਣਾ ਸ਼ਹਿਰੀ-2 ਮਲੇਰਕੋਟਲਾ ਵਿਖੇ ਦਰਖਾਸਤ ਲਿਖਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਅੰਦਰ ਦੋਵੇਂ ਗੱਲਿਆਂ 'ਚ ਪਈ ਨਕਦੀ ਅਤੇ 50-50 ਦੇ ਨੋਟਾਂ ਵਾਲੇ ਸਾਰੇ ਬਣੇ ਹੋਏ ਹਾਰਾਂ ਤੋਂ ਇਲਾਵਾ ਉਸ ਦੀ ਮਿਹਨਤ ਨਾਲ ਕੀਤੀ ਹੋਈ ਲੱਖਾਂ ਰੁਪਏ ਦੀ ਨਕਦੀ ਲੈ ਕੇ ਰਫ਼ੂ-ਚੱਕਰ ਹੋ ਗਿਆ | ਥਾਣਾ ਸ਼ਹਿਰੀ-2 ਮਲੇਰਕੋਟਲਾ ਦੇ ਮੁੱਖ ਅਫ਼ਸਰ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਖੁਰਾ-ਖੋਜ ਲੱਭਣ ਲਈ ਦੁਕਾਨ ਅੰਦਰ ਅਤੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ |