ਦਿੜ੍ਹਬਾ ਮੰਡੀ, 3 ਜੂਨ (ਹਰਬੰਸ ਸਿੰਘ ਛਾਜਲੀ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਪਿਛਲੇ ਲਗਭਗ 18 ਸਾਲਾਂ ਤੋਂ ਕੰਟਰੈਕਟ ਆਧਾਰਿਤ ਸੇਵਾਵਾਂ ਨਿਭਾਅ ਰਹੇ ਨਰੇਗਾ ਮੁਲਾਜ਼ਮਾਂ ਵਲੋਂ ਬਲਾਕ ਦਿੜ੍ਹਬਾ ਵਿਖੇ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ | ਬਲਾਕ ਪ੍ਰਧਾਨ ਬਲਵਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਨੂੰ ਪਿਛਲੇ 6-7 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ | ਜਿਸ ਕਾਰਨ ਮੁਲਾਜ਼ਮਾਂ ਦਾ ਬੁਰਾ ਹਾਲ ਹੈ | ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਰੇਗਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਹੁਣ ਠੇਕੇਦਾਰੀ ਸਿਸਟਮ ਬਿਲਕੁਲ ਬੰਦ ਕਰਕੇ ਪੰਚਾਇਤ ਵਿਭਾਗ 'ਚ ਨਰੇਗਾ ਮੁਲਾਜ਼ਮਾਂ ਨੂੰ ਪੱਕੀਆਂ ਅਸਾਮੀਆਂ 'ਤੇ ਮਰਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪਾਲਿਸੀ ਵੀ ਨਰੇਗਾ ਮੁਲਾਜ਼ਮਾਂ ਦਾ ਕੁੱਝ ਸੰਵਾਰ ਨਹੀਂ ਸਕੀ | ਵਿਭਾਗ ਵਲੋਂ ਨਰੇਗਾ ਮੁਲਾਜ਼ਮਾਂ ਡਾਟਾ ਪੋਰਟਲ ਰਾਹੀਂ ਇਕੱਠਾ ਕਰਕੇ ਪ੍ਰੋਸੋਨਲ ਤੇ ਵਿੱਤ ਵਿਭਾਗ ਦੀਆਂ ਪ੍ਰਵਾਨਗੀਆਂ ਲੈਣ ਦੇ ਬਾਵਜੂਦ ਵੀ ਨਰੇਗਾ ਮੁਲਾਜ਼ਮਾਂ ਨੂੰ ਆਰਡਰ ਨਹੀਂ ਦਿੱਤੇ ਗਏ | 1 ਜੂਨ ਨੂੰ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨਾਲ ਹੋਈ | ਪੈਨਲ ਮੀਟਿੰਗ 'ਚ ਭਰੋਸਾ ਦਿੱਤਾ ਕਿ ਇੱਕ ਹਫ਼ਤੇ ਤੱਕ ਦੁਬਾਰਾ ਮੀਟਿੰਗ ਕਰ ਕੇ ਮਨਰੇਗਾ ਮੁਲਜ਼ਮਾਂ ਨੂੰ ਪੰਚਾਇਤੀ ਵਿਭਾਗ 'ਚ ਮਰਜ਼ ਕਰਨ ਦੀ ਪ੍ਰਕਿਰਿਆ ਆਰੰਭੀ ਜਾਵੇਗੀ | ਜਿਸ ਦੇ ਚਲਦਿਆਂ ਯੂਨੀਅਨ ਨੇ ਮੀਟਿੰਗ ਤੱਕ ਸ਼ਾਂਤਮਈ ਤਰੀਕੇ ਦਫ਼ਤਰਾਂ 'ਚ ਬੈਠ ਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ | ਜੇਕਰ ਮੀਟਿੰਗ 'ਚ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਰਮਨਪ੍ਰੀਤ ਕੌਰ, ਰਣਧੀਰ ਸਿੰਘ, ਬਿੱਕਰ ਸਿੰਘ, ਹਾਕਮ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ ਆਦਿ ਵੀ ਮੌਜੂਦ ਸਨ |