02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਹੜਤਾਲ 'ਤੇ ਚੱਲ ਰਹੇ ਸੇਵਾ ਕੇਂਦਰਾਂ ਦੇ ਤਿੰਨ ਸੌ ਦੇ ਕਰੀਬ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਅਜੀਤ ਡੈਸਕ 04-06-2026

ਬਠਿੰਡਾ, 3 ਜੂਨ (ਸੱਤਪਾਲ ਸਿੰਘ ਸਿਵੀਆਂ)-ਇਕ ਪਾਸੇ ਪੰਜਾਬ ਸਰਕਾਰ ਵਲੋਂ ਸੂਬੇ 'ਚੋਂ ਠੇਕੇਦਾਰੀ ਸਿਸਟਮ ਖ਼ਤਮ ਕਰਦਿਆਂ 65 ਹਜ਼ਾਰ ਤੋਂ ਵੱਧ ਠੇਕਾ ਮੁਲਾਜ਼ਮਾਂ ਨੂੰ ਸਰਕਾਰ ਅਧੀਨ ਲਿਆਉਂਦੇ ਹੋਏ ਪੱਕੇ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਇਸ ਦੇ ਉਲਟ ਸੂਬੇ ਦੇ ਸੇਵਾ ਕੇਂਦਰਾਂ 'ਚ ਸਾਲਾਂ ਤੋਂ ਕੰਮ ਕਰਦੇ ਤਿੰਨ ਸੌ ਦੇ ਕਰੀਬ ਹੜਤਾਲੀ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ | ਨੌਕਰੀ ਤੋਂ ਕੱਢੇ ਮੁਲਾਜ਼ਮ 'ਚ ਯੂਨੀਅਨ ਦੇ ਪ੍ਰਧਾਨ ਸਮੇਤ ਕੁਝ ਸੂਬਾ ਆਗੂ ਵੀ ਸ਼ਾਮਲ ਹਨ | ਇੱਥੇ ਹੀ ਬਸ ਨਹੀਂ ਇਨ੍ਹਾਂ ਕਾਮਿਆਂ ਥਾਂ ਨਵੀਂ ਠੇਕਾ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਅੱਜ ਪਹਿਲੇ ਦਿਨ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਸਥਿਤ ਰੁਜ਼ਗਾਰ ਦਫ਼ਤਰਾਂ ਵਿਚ ਲਗਾਏ ਗਏ ਰੁਜ਼ਗਾਰ ਮੇਲਿਆਂ ਦਾ ਇਨ੍ਹਾਂ ਮੁਲਾਜ਼ਮਾਂ ਨੇ ਡੱਟਵਾਂ ਵਿਰੋਧ ਕੀਤਾ | ਇਸ ਸੰਬੰਧੀ ਸੇਵਾ ਕੇਂਦਰ ਮੁਲਾਜ਼ਮ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਸਮੇਤ 2283 ਮੁਲਾਜ਼ਮ ਪੰਜਾਬ ਭਰ ਦੇ ਸੇਵਾ ਕੇਂਦਰਾਂ 'ਚ 2016 ਤੋਂ ਠੇਕਾ ਅਧਾਰ 'ਤੇ ਨੌਕਰੀ ਕਰਦੇ ਆ ਰਹੇ ਹਨ ਤੇ 10 ਸਾਲਾਂ ਦੇ ਲੰਬੇ ਅਰਸੇ ਦੌਰਾਨ ਉਨ੍ਹਾਂ ਨੂੰ ਪੱਕਾ ਕਰਨਾ ਤਾਂ ਦੂਰ ਸਗੋਂ ਉਨ੍ਹਾਂ ਦੀ ਤਨਖ਼ਾਹ 'ਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜੋਂ ਸਮੁੱਚੇ ਮੁਲਾਜ਼ਮਾਂ 26 ਮਈ ਤੋਂ ਕਲਮਛੋੜ ਹੜਤਾਲ 'ਤੇ ਹਨ | ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਗੱਲ ਤਾਂ ਕੀ ਸੁਣਨੀ ਸੀ, ਸਗੋਂ ਸਬੰਧਿਤ ਠੇਕਾ ਕੰਪਨੀ ਨੇ ਉਸ ਸਮੇਤ ਯੂਨੀਅਨ ਦੀ ਉਪ-ਪ੍ਰਧਾਨ ਮੋਹਿਨੀ ਸ਼ਰਮਾ ਅਤੇ ਦਮਨਜੀਤ ਸੋਢੀ, ਗੁਰਸੇਵਕ ਸਿੰਘ ਤੇ ਬਲਵਿੰਦਰ ਸਿੰਘ (ਤਿੰਨੋਂ ਸਰਪ੍ਰਸਤ) ਸਮੇਤ 274 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਜਦਕਿ ਬਾਕੀ ਹੜਤਾਲੀ ਮੁਲਾਜ਼ਮਾਂ ਨੂੰ ਕੰਮ 'ਤੇ ਵਾਪਸ ਨਾ ਆਉਣ 'ਤੇ ਕੱਢਣ ਦੀ ਧਮਕੀ ਦਿੱਤੀ ਗਈ ਹੈ | ਬਲਜਿੰਦਰ ਮਾਝਾ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਦਾ ਸੁਨਹਿਰੀ ਤੇ ਕੀਮਤੀ ਸਮਾਂ ਇਨ੍ਹਾਂ ਕੇਂਦਰਾਂ 'ਚ ਲੋਕਾਂ ਦੀ ਸੇਵਾ 'ਚ ਗੁਜ਼ਾਰ ਦਿੱਤਾ, ਪਰ ਹੁਣ ਉਨ੍ਹਾਂ ਦਾ ਰੁਜ਼ਗਾਰ ਖੋਹ ਕੇ ਉਨ੍ਹਾਂ ਦੇ ਢਿੱਡ 'ਚ ਲੱਤ ਮਾਰੀ ਜਾ ਰਹੀ ਹੈ | ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਸਰਕਾਰ ਅਧੀਨ ਲਿਆਂਦਾ ਜਾਵੇ ਅਤੇ ਨਵੀਂ ਭਰਤੀ ਤੁਰੰਤ ਬੰਦ ਕਰਕੇ ਨੌਕਰੀ ਤੋਂ ਕੱਢੇ ਕਾਮਿਆਂ ਦੀ ਤੁਰੰਤ ਬਹਾਲੀ ਕੀਤੀ ਜਾਵੇ, ਨਹੀਂ ਤਾਂ ਉਹ 6 ਜੂਨ ਨੂੰ ਮਾਲ ਮੰਤਰੀ ਅਮਨ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਮੂਹਰੇ ਪ੍ਰਦਰਸ਼ਨ ਕਰਨ ਤੋਂ ਬਾਅਦ ਆਪਣੇ ਬੱਚਿਆਂ ਅਤੇ ਪਰਿਵਾਰਾਂ ਸਮੇਤ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ |

ਪਿਛਲੀ ਖ਼ਬਰ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਅਧਿਕਾਰੀ ਨਾਲ-ਨਾਲ ਨਿਪਟਾਰਾ ਕਰਨ- ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪਿੰਡ ਗਹਿਰੀ ਬੁੱਟਰ ਵਿਖੇ ਇਕੋ ਰਾਤ ਚੋਰਾਂ ਨੇ ਦੋ ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।