17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

'ਆਪ੍ਰੇਸ਼ਨ ਪ੍ਰਹਾਰ' ਤਹਿਤ ਗੈਂਗਸਟਰਾਂ ਨੂੰ ਦਬੋਚਣ ਦੇ ਦਾਅਵੇ ਕਰਨ ਵਾਲੀ ਬਠਿੰਡਾ ਪੁਲਿਸ ਚੋਰਾਂ ਨੂੰ ਫੜਨ 'ਚ ਅਸਫਲ

ਅਜੀਤ ਡੈਸਕ 22-01-2026
ਬਠਿੰਡਾ, 21 ਜਨਵਰੀ (ਸਿਵੀਆਂ)- ਇਕ ਪਾਸੇ ਬਠਿੰਡਾ ਪੁਲਿਸ ਵਲੋਂ ਗੈਂਗਸਟਰਾਂ, ਚੋਰਾਂ ਤੇ ਲੁਟੇਰਿਆਂ ਨੂੰ ਦਬੋਚਣ ਦਾ ਦਾਅਵਾ ਕਰਦੇ ਹੋਏ ਨਵੇਂ ਆਏ ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਦੀ ਅਗਵਾਈ ਹੇਠ ਸ਼ਹਿਰ 'ਚ 'ਅਪ੍ਰੇਸ਼ਨ ਪ੍ਰਹਾਰ' ਤਹਿਤ ਜਾਂਚ ਅਭਿਆਨ ਚਲਾਇਆ ਗਿਆ ਪਰ ਦੂਜੇ ਪਾਸੇ ਬਠਿੰਡਾ ਪੁਲਿਸ ਚੋਰਾਂ ਨੂੰ ਫੜਨ 'ਚ ਪੂਰੀ ਤਰ੍ਹਾਂ ਅਸਫਲ ਦਿਖਾਈ ਦੇ ਰਹੀ ਹੈ, ਕਿਉਂਕਿ ਇੱਥੋਂ ਦੇ ਪ੍ਰਤਾਪ ਨਗਰ ਵਿਚ ਇਕ ਸੁਨਿਆਰੇ ਦੀ ਦੁਕਾਨ 'ਚੋਂ ਲੱਖਾਂ ਰੁਪਏ ਦੀ ਸਮਾਨ ਦੀ ਲੁੱਟ ਕਰਨ ਵਾਲਿਆਂ ਨੂੰ ਪੁਲਿਸ ਇਕ ਹਫ਼ਤਾ ਬੀਤਣ ਬਾਅਦ ਵੀ ਲੱਭ ਨਹੀਂ ਸਕੀ ਹੈ |ਚੋਰੀਆਂ ਕਾਰਨ ਜਿੱਥੇ ਬਠਿੰਡਾ ਦੇ ਦੁਕਾਨਦਾਰ ਤੇ ਆਮ ਸ਼ਹਿਰੀ ਸਹਿਮੇ ਹੋਏ ਹਨ, ਉੱਥੇ ਹੁਣ ਲੋਕਾਂ ਦੀਆਂ ਗੱਡੀਆਂ ਵਿਚ ਪਿਆ ਉਨ੍ਹਾਂ ਦਾ ਕੀਮਤੀ ਸਮਾਨ ਵੀ ਸੁਰੱਖਿਅਤ ਨਹੀਂ ਰਿਹਾ ਹੈ, ਕਿਉਂਕਿ ਹੁਣ ਬਠਿੰਡਾ ਦੇ ਮਿੰਨੀ ਸਕੱਤਰੇਤ ਵਿਚ ਕੰਮ-ਧੰਦੇ ਆਏ ਇਕ ਵਿਅਕਤੀ ਦੀ ਗੱਡੀ 'ਚੋਂ ਇਕ ਚੋਰ ਵਲੋਂ ਨਗਦੀ ਅਤੇ ਜ਼ਰੂਰੀ ਕਾਗ਼ਜ਼ਾਂ ਵਾਲੇ ਦੋ ਬੈਗ ਉਡਾਅ ਲਏ ਗਏ ਹਨ | ਇਹ ਘਟਨਾ ਪੁਲਿਸ ਦੇ 24 ਘੰਟੇ ਪਹਿਰੇ ਵਾਲੀ ਜਗ੍ਹਾ ਨੇੜੇ ਵਾਪਰੀ ਹੈ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਇਹ ਚੋਰ ਮਿੰਨੀ ਸਕੱਤਰੇਤ ਦੇ ਅੰਦਰ ਹੀ ਦਾਖਲ ਹੋ ਗਿਆ, ਜਿਸ ਨੂੰ ਕਾਰ ਮਾਲਕਾਂ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਕੱਤਰੇਤ ਦੇ ਅੰਦਰ ਹੀ ਰੂਪੋਸ਼ ਹੋ ਗਿਆ | ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਉਕਤ ਚੋਰ ਦੀ ਪੜਤਾਲ ਲਈ ਜਦੋਂ ਕਾਰ ਮਾਲਕਾਂ ਨੇ ਘਟਨਾ ਵਾਲੇ ਪਾਸੇ ਦੇ ਮਿੰਨੀ ਸਕੱਤਰੇਤ ਦੇ ਸੀ.ਸੀ.ਟੀ.ਵੀ. ਕੈਮਰਿਆਂ ਬਾਰੇ ਪਤਾ ਕੀਤਾ ਤਾਂ ਉਨ੍ਹਾਂ ਦੇ ਬੰਦ (ਖ਼ਰਾਬ) ਹੋਣ ਬਾਰੇ ਪਤਾ ਚੱਲਿਆ | ਇਸ ਚੋਰੀ ਦਾ ਸ਼ਿਕਾਰ ਹੋਏ ਅਜੈਪਾਲ ਸ਼ਰਮਾ ਵਾਸੀ ਬਠਿੰਡਾ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਕੰਮਕਾਜ ਲਈ ਆਪਣੀ ਗੱਡੀ 'ਤੇ ਮਿੰਨੀ ਸਕੱਤਰੇਤ ਵਿਖੇ ਆਇਆ ਸੀ ਤੇ ਜਦੋਂ ਵਾਪਸੀ 'ਤੇ ਦੇਖਿਆ ਤਾਂ ਇਕ ਵਿਅਕਤੀ ਉਸ ਦੀ ਗੱਡੀ 'ਚੋਂ ਉਸ ਦੇ ਬੈਗ ਚੋਰੀ ਕਰ ਰਿਹਾ ਸੀ, ਜੋ ਦੋਵੇਂ ਬੈਗ ਲੈ ਕੇ ਸਕੱਤਰੇਤ ਅੰਦਰ ਭੱਜ ਗਿਆ, ਜਿਸ ਦਾ ਉਨ੍ਹਾਂ ਨੇ ਕਾਫ਼ੀ ਪਿੱਛਾ ਕੀਤਾ ਪਰ ਉਹ ਜਾਂਦਾ ਹੋਇਆ ਆਪਣੀ ਲੋਈ ਸੁੱਟ ਕੇ ਉਨ੍ਹਾਂ ਨੂੰ ਚਕਮਾ ਦੇ ਕੇ ਸਕੱਤਰੇਤ ਦੇ ਅੰਦਰ ਹੀ ਗੁੰਮ ਹੋ ਗਿਆ | ਉਨ੍ਹਾਂ ਦੱਸਿਆ ਕਿ ਇਕ ਬੈਗ 'ਚ ਕਰੀਬ 4800 ਰੁਪਏ ਅਤੇ ਦੂਜੇ ਵਿਚ 20 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਜ਼ਰੂਰੀ ਕਾਗ਼ਜ਼ਾਤ ਸਨ | ਚੋਰੀ ਦੀਆਂ ਇਨ੍ਹਾਂ ਘਟਨਾਵਾਂ ਦਾ ਅਜੇ ਤੱਕ ਕੋਈ ਹੱਲ ਨਾ ਹੋਣ ਕਾਰਨ ਲੋਕਾਂ ਵਲੋਂ ਪੁਲਿਸ ਦੇ ਉਕਤ ਅਪ੍ਰੇਸ਼ਨ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ ਮਾਰਕੀਟ ਕਮੇਟੀ ਦੇ ਸਕੱਤਰ ਸਮੇਤ ਹੋਰ ਅਸਾਮੀਆਂ ਖਾਲੀ ਹੋਣ ਕਾਰਨ ਕੰਮ ਪ੍ਰਭਾਵਿਤ ਅਗਲੀ ਖ਼ਬਰ ਥਰਮਲ ਪਲਾਂਟ ਰੂਪਨਗਰ ਵਿਚ ਆ ਰਹੀਆਂ ਪਰਾਲੀ ਦੀਆਂ ਗੱਟੀਆਂ 'ਚ ਘਪਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।