17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਥਰਮਲ ਪਲਾਂਟ ਰੂਪਨਗਰ ਵਿਚ ਆ ਰਹੀਆਂ ਪਰਾਲੀ ਦੀਆਂ ਗੱਟੀਆਂ 'ਚ ਘਪਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਉਣ ਦੀ ਮੰਗ

ਅਜੀਤ ਡੈਸਕ 22-01-2026
ਲਹਿਰਾ ਮੁਹੱਬਤ, 21 ਜਨਵਰੀ (ਸੁਖਪਾਲ ਸਿੰਘ ਸੁੱਖੀ)-ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੂਪਨਗਰ ਵਿਚ ਕੋਲੇ 'ਚ ਮਿਲਾਉਣ ਲਈ ਆ ਰਹੀਆਂ ਪ੍ਰਾਈਵੇਟ ਫ਼ਰਮਾਂ ਤੋਂ ਤਿਆਰ ਪਰਾਲੀ ਦੀਆਂ ਗੱਟੀਆਂ (ਪੇਲੈਟਸ) ਵਿਚ ਘਟੀਆ ਕਿਸਮ ਦਾ ਪਦਾਰਥ ਆਉਣ ਦਾ ਮਸਲਾ ਉਥੋਂ ਦੀਆਂ ਜਥੇਬੰਦੀਆਂ ਨੇ ਚੁੱਕਿਆ ਹੈ ਜੋ ਕਿ ਰਾਤ ਦੇ ਹਨੇਰੇ ਵਿਚ ਗੋਰਖਧੰਦਾ ਚਲਦਾ ਹੈ | ਜਥੇਬੰਦੀਆਂ ਦੇ ਆਗੂਆਂ ਨੇ ਵੀਡੀਓ ਵੀ ਜਾਰੀ ਕੀਤੀ ਹੈ | ਇੰਪਲਾਇਜ ਫੈਡਰੇਸ਼ਨ ਚਾਹਲ ਗਰੁੱਪ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਜਥੇਬੰਦੀ ਨੇ ਆਪਣੀ ਮੀਟਿੰਗ ਕਰਕੇ ਥਰਮਲ ਪਲਾਂਟ ਰੂਪਨਗਰ ਦੀਆਂ ਜਥੇਬੰਦੀਆਂ ਦਾ ਸਮੱਰਥਨ ਕਰਦਿਆ ਦੱਸਿਆ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੁਆਇਲਰ ਨੂੰ ਸਪਲਾਈ ਹੋਣ ਵਾਲੇ ਕੋਲੇ ਵਿਚ 5 ਫ਼ੀਸਦੀ ਗੱਟੀਆਂ (ਪੇਲੈਟਸ) ਮਿਲਾਉਣਾ ਜ਼ਰੂਰੀ ਹੈ | ਥਰਮਲ ਪਲਾਂਟ ਵਿਚ ਹਰ ਰੋਜ (24 ਘੰਟਿਆਂ) ਵਿਚ 10 ਹਜਾਰ ਟਨ ਕੋਲਾ ਜਲਾਇਆ ਜਾਦਾ ਹੈ | ਇਸ ਵਿਚ 500 ਟਨ ਹਰ ਰੋਜ ਗੱਟੀਆਂ (ਪੇਲੈਟਸ) ਨੂੰ ਵੀ ਜਲਾਇਆ ਜਾਂਦਾ ਹੈ | ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪਾਵਰਕਾਮ ਨੂੰ ਝਾਰਖੰਡ ਤੋਂ ਕੋਲਾ ਮੰਗਵਾਉਣ ਤੇ 4 ਹਜਾਰ ਰੁਪਏ ਪ੍ਰਤੀ ਟਨ ਕਰੀਬ ਪੈ ਰਿਹਾ ਹੈ ਅਤੇ ਕੋਲੇ 'ਚ ਹੀਟ 4500 ਕੈਲਰੀ ਪਰ ਗ੍ਰਾਮ ਹੈ | ਜਦੋਂ ਕਿ ਗੱਟੀਆਂ (ਪਲੈਟਸ) 8 ਹਜਾਰ ਰੁਪਏ ਪ੍ਰਤੀ ਟਨ ਪੈ ਰਹੀਆਂ ਹਨ | ਗੱਟੀਆਂ 'ਚ ਹੀਟ ਕੋਲੇ ਨਾਲੋਂ ਘੱਟ ਸਿਰਫ਼ 3000 ਕੈਲਰੀ ਪ੍ਰਤੀ ਗ੍ਰਾਮ ਹੈ | ਘਟੀਆ ਕਿਸਮ ਦਾ ਪਦਾਰਥ ਥਰਮਲ ਪਲਾਂਟ ਦੇ ਅਰਬਾਂ ਰੁਪਏ ਦੀ ਮਸ਼ੀਨਰੀ ਨੂੰ ਡੈਮਜ ਕਰ ਰਿਹਾ ਹੈ ਗੱਟੀਆਂ ਮਹਿੰਗੀਆਂ ਹੋਣ ਕਰਕੇ ਕੁਝ ਅਧਿਕਾਰੀਆਂ ਲਈ ਰੁਪਇਆ ਦੀ ਖਾਣ ਬਣੀ ਹੋਈ ਹੈ | ਇਸ ਘਪਲੇ ਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਵਾਉਣ ਦੀ ਮੰਗ ਕੀਤੀ ਗਈ | ਆਗੂਆਂ ਨੇ ਦੱਸਿਆ ਕਿ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਵੀ 2 ਸਾਲ ਪਹਿਲਾਂ ਮੁਲਾਜ਼ਮਾਂ ਵਲੋਂ ਇਥੇ ਵੀ ਇਹ ਘਪਲਾ ਉਜਾਗਰ ਕੀਤਾ ਸੀ | ਜਿਸ 'ਤੇ ਉਸ ਸਮੇਂ ਦੇ ਚੀਫ਼ ਇੰਜੀਨੀਅਰ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਜ਼ਿੰਮੇਵਾਰ ਅਧਿਕਾਰੀ ਨੂੰ ਬਦਲ ਦਿੱਤਾ ਸੀ | ਇਸ ਸਾਰੇ ਕੰਮ ਦੀ ਨਿਗਰਾਨੀ ਲਈ ਕੁਝ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕਰ ਦਿੱਤਾ ਸੀ | ਜੋ ਅੱਜ ਤੱਕ ਸਹੀ ਢੰਗ ਨਾਲ ਨਿਗਰਾਨੀ ਕਰ ਰਹੀ ਹੈ | ਇੱਥੇ ਗੱਟੀਆਂ ਦਾ ਟਰੱਕ ਦਿਨ ਵੇਲੇ ਹੀ ਅਨਲੋਡ ਹੁੰਦੇ ਹਨ | ਪਰ ਰੂਪਨਗਰ ਵਿਚ ਰਾਤ ਦੇ ਹਨੇਰੇ ਵਿਚ ਮਹਿੰਗੇ ਭਾਅ ਦੀਆਂ ਗੱਟੀਆਂ ਦੀ ਅਨਲੋਡਿੰਗ ਕਰਨਾ ਘਪਲਾ ਹੋਣ ਦਾ ਖ਼ਦਸ਼ਾ ਜ਼ਾਹਿਰ ਕਰ ਰਿਹਾ ਹੈ | ਆਗੂਆਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ 2500/ਰੁਪਏ ਪ੍ਰਤੀ ਏਕੜ ਪਰਾਲੀ ਨੂੰ ਖੇਤਾਂ ਵਿਚ ਨਸ਼ਟ ਕਰਨ ਦਾ ਮੰਗ ਰਹੀਆਂ ਸਨ | ਪਰ ਇਥੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ | ਥਰਮਲ ਪਲਾਂਟਾਂ ਦੀ ਕਰੋੜਾਂ ਰੁਪਏ ਦੀ ਮਸ਼ੀਨਰੀ ਦਾ ਨੁਕਸਾਨ ਕੀਤਾ ਜਾ ਰਿਹਾ ਹੈ | ਇਸ ਸਮੇਂ ਜਥੇਬੰਦੀ ਨੇ ਥਰਮਲ ਪਲਾਂਟ ਰੂਪਨਗਰ ਦੀਆਂ ਜਥੇਬੰਦੀਆਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ | ਜੇਕਰ ਮੈਨੇਜਮੈਂਟ ਨੇ ਜਥੇਬੰਦੀਆਂ ਦੇ ਆਗੂਆਂ 'ਤੇ ਕਾਰਵਾਈ ਕੀਤੀ ਤਾਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ | ਇਸ ਮੀਟਿੰਗ ਵਿਚ ਬਲਜੀਤ ਸਿੰਘ ਬਰਾੜ, ਲਖਵੰਤ ਸਿੰਘ ਬਾਡੀ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਕੇਸਵ ਅਧਿਕਾਰੀ, ਗੁਰਲਾਲ ਸਿੰਘ ਗਿੱਲ, ਜਸ਼ਨਦੀਪ ਸਿੰਘ, ਅਜੈਬ ਸਿੰਘ, ਜਤਿੰਦਰ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ੍ਰੇਸ਼ਨ ਪ੍ਰਹਾਰ' ਤਹਿਤ ਗੈਂਗਸਟਰਾਂ ਨੂੰ ਦਬੋਚਣ ਦੇ ਦਾਅਵੇ ਕਰਨ ਵਾਲੀ ਬਠਿੰਡਾ ਪੁਲਿਸ ਚੋਰਾਂ ਨੂੰ ਫੜਨ 'ਚ ਅਸਫਲ ਅਗਲੀ ਖ਼ਬਰ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਬਠਿੰਡਾ ਪੁਲਿਸ ਵਲੋਂ ਮੁਸਤੈਦੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।