ਕੁਰਾਲੀ, 2 ਜੂਨ (ਬਿੱਲਾ ਅਕਾਲਗੜ੍ਹੀਆ)- ਸਥਾਨਕ ਸ਼ਹਿਰ ਦੇ ਸਰਕਾਰੀ ਸਿਵਲ ਹਸਪਤਾਲ 'ਚ ਅੱਜ ਭੇਤਭਰੇ ਹਾਲਾਤ 'ਚ ਅੱਗ ਲੱਗ ਜਾਣ ਕਾਰਨ ਡਾਕਟਰਾਂ ਤੇ ਮਰੀਜਾਂ 'ਚ ਹੜਕੰਪ ਮਚ ਗਿਆ | ਅੱਗ ਲੱਗਣ ਦੀ ਘਟਨਾ ਨਾਲ ਹਸਪਤਾਲ 'ਚ ਚਾਰੇ ਪਾਸੇ ਧੂੰਆਂ ਫੈਲ ਗਿਆ ਜਿਸ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਹਾਲਾਂਕਿ ਸਮੇਂ ਸਿਰ ਬਚਾਅ ਕਾਰਜਾਂ ਆਰੰਭੇ ਜਾਣ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਲੱਗਿਆ ਫਾਇਰ ਬਿ੍ਗੇਡ ਸਿਸਟਮ ਮੌਕੇ 'ਤੇ ਕੰਮ ਨਹੀਂ ਕਰ ਸਕਿਆ | ਇਸ ਦੌਰਾਨ ਡਾ. ਦਿਵਾਂਸ਼ੂ ਵਲੋਂ ਤੁਰੰਤ ਫਾਇਰ ਬਿ੍ਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ, ਉਪਰੰਤ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਹਸਪਤਾਲ ਪ੍ਰਸ਼ਾਸਨ ਤੇ ਇਕੱਤਰ ਹੋਏ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਪੂਰਾ ਹਸਪਤਾਲ ਖਾਲੀ ਕਰਵਾ ਦਿੱਤਾ ਤੇ ਅੰਦਰ ਦਾਖਲ ਮਰੀਜ਼ਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਬਾਹਰ ਖੁੱਲ੍ਹੀ ਜਗ੍ਹਾ 'ਚ ਪਹੁੰਚਾਇਆ | ਇਸ ਦੌਰਾਨ ਗਰਮੀ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਪੱਤਰਕਾਰਾਂ ਦੁਆਰਾ ਮੌਕੇ 'ਤੇ ਵੇਖਿਆ ਗਿਆ ਕਿ ਹਸਪਤਾਲ ਦੇ ਅੰਦਰ ਧੂੰਆਂ ਹੀ ਧੂੰਆਂ ਫੈਲਿਆ ਹੋਇਆ ਸੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਹਸਪਤਾਲ 'ਚ ਬਿਜਲੀ ਦੀਆਂ ਤਾਰਾਂ 'ਚ ਸਪਾਰਕਿੰਗ ਹੋ ਰਹੀ ਸੀ, ਜਿਸ ਬਾਰੇ ਪਹਿਲਾਂ ਵੀ ਚਿੰਤਾ ਜਤਾਈ ਜਾ ਚੁੱਕੀ ਸੀ | ਕੁਝ ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਅੱਜ ਨਗਰ ਕੌਂਸਲ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਕੀਤੀ ਗਈ ਆਤਿਸ਼ਬਾਜ਼ੀ ਕਾਰਨ ਵੀ ਇਹ ਅੱਗ ਲੱਗੀ ਹੋ ਸਕਦੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੀ ਇਮਾਰਤ ਨਗਰ ਕੌਂਸਲ ਦੀ ਇਮਾਰਤ ਦੇ ਬਿਲਕੁੱਲ ਨਾਲ ਲੱਗਦੀ ਹੈ | ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਅਜੇ ਤੱਕ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ | ਇਸ ਘਟਨਾ ਦੀ ਪ੍ਰਸ਼ਾਸਨ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |