ਅਮਰਗੜ੍ਹ (ਮਲੇਰਕੋਟਲਾ), 30 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਦ੍ਰਿੜ੍ਹ ਇਰਾਦੇ, ਅਣਥੱਕ ਮਿਹਨਤ ਅਤੇ ਅਡੋਲ ਹੌਸਲੇ ਦੀ ਬਦੌਲਤ ਜਪਾਨ ਦੀ ਧਰਤੀ ਤੇ ਹੋਈਆਂ ਏਸ਼ਿਆਈ ਪੈਰਾ ਖੇਡਾਂ ਦੇ ਗੋਲਾ ਸੁੱਟਣ ਦੇ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਹੋਣਹਾਰ ਖਿਡਾਰੀ ਯਾਸਰ ਦਾ ਪਿੰਡ ਬੁੰਗਾ ਵਿਖੇ ਪੰਚਾਇਤ ਵਲੋਂ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸ ਮਾਣਮੱਤੇ ਸਮਾਗਮ ਵਿਚ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਯਾਸਰ ਦੀ ਪਿੱਠ ਥਾਪੜੀ ਅਤੇ ਉਸ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਦੇ ਹੌਸਲੇ ਬੁਲੰਦ ਅਤੇ ਇਰਾਦੇ ਦ੍ਰਿੜ੍ਹ ਹੋਣ ਤਾਂ ਦੁਨੀਆ ਦੀ ਕੋਈ ਵੀ ਮੰਜ਼ਿਲ ਉਸ ਦੀ ਪਹੁੰਚ ਤੋਂ ਦੂਰ ਨਹੀਂ ਰਹਿੰਦੀ। ਉਨ੍ਹਾਂ ਆਖਿਆ ਕਿ ਆਰਥਿਕ ਤੰਗੀਆਂ-ਤੁਰਸ਼ੀਆਂ ਅਤੇ ਜੀਵਨ ਦੀਆਂ ਔਕੜਾਂ ਦੇ ਬਾਵਜੂਦ ਆਪਣੀ ਮਿਹਨਤ ਤੇ ਲਗਨ ਨਾਲ ਇਸ ਮੁਕਾਮ ਤੱਕ ਪਹੁੰਚਣਾ ਯਾਸਰ ਦੀ ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਸਿਰੜ ਦੀ ਮੂੰਹ ਬੋਲਦੀ ਤਸਵੀਰ ਹੈ। ਵਿਧਾਇਕ ਨੇ ਯਾਸਰ ਦੀ ਸਫ਼ਲਤਾ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਉਸ ਦੇ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ ਦੀ ਮਿਹਨਤ ਅਤੇ ਸਿਖਲਾਈ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਅਤੇ ਪਿੰਡ ਬੁੰਗਾ ਦੇ ਸਰਪੰਚ ਭਾਈ ਜਗਦੀਪ ਸਿੰਘ ਘੁੰਮਣ ਅਤੇ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ ਨੇ ਯਾਸਰ ਨੂੰ ਹਲਕਾ ਅਮਰਗੜ੍ਹ ਦਾ ਮਾਣ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਹੋਣਹਾਰ ਖਿਡਾਰੀ ਨੌਜਵਾਨ ਪੀੜ੍ਹੀ ਲਈ ਚਾਨਣ-ਮੁਨਾਰੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਯਾਸਰ ਦੀ ਜੀਵਨ-ਯਾਤਰਾ ਅਤੇ ਪ੍ਰਾਪਤੀਆਂ ਤੋਂ ਪ੍ਰੇਰਨਾ ਲੈਂਦਿਆਂ ਨੌਜਵਾਨਾਂ ਨੂੰ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਆਪਣੇ ਸੁਪਨਿਆਂ ਦੀ ਪੂਰਤੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ ਨੇ ਆਪਣੇ ਮਨੋਭਾਵ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਨਜ਼ਰੇ ਹੀ ਯਾਸਰ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਅਤੇ ਬੁਲੰਦੀਆਂ ਛੂਹਣ ਦੀ ਸਮਰੱਥਾ ਦਿਖਾਈ ਦੇ ਗਈ ਸੀ।
ਉਨ੍ਹਾਂ ਕਿਹਾ ਕਿ ਯਾਸਰ ਦੀ ਇਹ ਪ੍ਰਾਪਤੀ ਉਸ ਦੀ ਅਥਾਹ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਆਪਣੀ ਇਸ ਸ਼ਾਨਦਾਰ ਸਫ਼ਲਤਾ ਲਈ ਯਾਸਰ ਨੇ ਆਪਣੇ ਮਾਪਿਆਂ ਅਤੇ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ, ਹੌਸਲਾ-ਅਫ਼ਜ਼ਾਈ ਅਤੇ ਸਹਿਯੋਗ ਤੋਂ ਬਿਨਾਂ ਇਸ ਮੁਕਾਮ ਤੱਕ ਪਹੁੰਚਣਾ ਸੰਭਵ ਨਹੀਂ ਸੀ। ਉਸ ਨੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਤਾਰਾ ਵਿਵੇਕ ਕਾਲਜ, ਗੱਜਣਮਾਜਰਾ ਦੀ ਡਾਇਰੈਕਟਰ ਡਾ. ਪਰਮਿੰਦਰ ਕੌਰ ਮੰਡੇਰ ਦਾ ਵੀ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਇਸ ਵਿੱਦਿਅਕ ਸੰਸਥਾ ਵਿਚ ਸਿੱਖਿਆ ਪ੍ਰਾਪਤ ਕਰਦਿਆਂ ਉਸ ਨੂੰ ਜੀਵਨ ਦੀਆਂ ਕਦਰਾਂ-ਕੀਮਤਾਂ ਅਤੇ ਅੱਗੇ ਵਧਣ ਦੀ ਸਹੀ ਦਿਸ਼ਾ ਸਮਝਣ ਦਾ ਮੌਕਾ ਮਿਲਿਆ।
ਆਪਣੇ ਭਵਿੱਖੀ ਟੀਚੇ ਬਾਰੇ ਗੱਲ ਕਰਦਿਆਂ ਯਾਸਰ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਉਸ ਦਾ ਅੰਤਿਮ ਨਿਸ਼ਾਨਾ ਦੇਸ਼ ਲਈ ਸੋਨੇ ਦਾ ਤਗਮਾ ਜਿੱਤਣਾ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਦਿਨ-ਰਾਤ ਸਖ਼ਤ ਮਿਹਨਤ ਕਰ ਰਿਹਾ ਹੈ। ਇਸ ਮੌਕੇ ਲਖਵੀਰ ਸਿੰਘ ਸਾਬਕਾ ਸਰਪੰਚ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਧਾ, ਕੁਲਵੀਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਖਾਨਪੁਰ, ਅਮਰਜੀਤ ਸਿੰਘ ਘੁੰਮਣ, ਪੰਚ ਗੁਰਚਰਨ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਬੁੰਗਾ, ਸੁੱਚਾ ਸਿੰਘ ਬਾਜਵਾ, ਪਲਵਿੰਦਰ ਸਿੰਘ ਬਾਜਵਾ, ਅਮਨ ਧਾਲੀਵਾਲ ਇੰਟਰਨੈਸ਼ਨਲ ਖਿਡਾਰੀ, ਕੋਚ ਮੁਹੰਮਦ ਹਬੀਬ, ਕੋਚ ਮੁਹੰਮਦ ਸਲੀਮ, ਕੋਚ ਅਬਦੁਲ ਜਮੀਲ, ਕੋਚ ਸਰਫਰਾਜ, ਕੋਚ ਹਰਪ੍ਰੀਤ ਸਿੰਘ, ਬਲਤੇਜ ਸਿੰਘ ਡੀ. ਪੀ., ਮਨੀਸ਼ ਚੋਪੜਾ, ਕੁਲਦੀਪ ਚੁੰਗ ਜ਼ਿਲ੍ਹਾ ਖੇਡ ਅਫ਼ਸਰ ਤੇ ਰਾਜਵੀਰ ਸਿੰਘ ਸੀਨੀਅਰ ਸਹਾਇਕ ਆਦਿ ਹਾਜ਼ਰ ਸਨ।