ਐੱਸ. ਏ. ਐੱਸ. ਨਗਰ, 2 ਜੂਨ (ਕਪਿਲ ਵਧਵਾ)ਮੁਹਾਲੀ ਅਦਾਲਤ ਨੇ ਕਰੀਬ 6 ਸਾਲ ਪੁਰਾਣੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਮਾਮਲੇ ਵਿਚ ਦੋਸ਼ੀ ਨੂੰ 10 ਸਾਲਾਂ ਦੀ ਸਖ਼ਤ ਕੈਦ ਅਤੇ 1 ਲੱਖ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਲਖਵੀਰ ਸਿੰਘ ਉਰਫ਼ ਲੱਖਾ ਵਾਸੀ ਪਿੰਡ ਧੇਸ਼ਪੁਰਾ ਜ਼ਿਲ੍ਹਾ ਰੂਪਨਗਰ ਨੂੰ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਸੀ ਤਾਂ ਉਸ ਦੇ ਕਬਜ਼ੇ 'ਚੋਂ 2400 ਲੋਮੋਟਿਲ ਨਾਮਕ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ | ਇਸ ਸੰਬੰਧੀ ਐੱਸ.ਟੀ.ਐੱਫ. ਵਲੋਂ 7 ਅਗਸਤ 2020 ਨੂੰ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 22, 61 ਅਤੇ 85 ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ | ਇਸ ਤੋਂ ਬਾਅਦ ਮੁਲਜ਼ਮ ਤੋਂ ਬਰਾਮਦ ਗੋਲੀਆਂ ਦੇ ਨਮੂਨੇ ਦੀ ਜਾਂਚ ਦੌਰਾਨ ਪ੍ਰਾਪਤ ਹੋਈ ਐੱਫ. ਐੱਸ. ਐੱਲ. ਰਿਪੋਰਟ ਵਿਚ ਗੋਲੀਆਂ ਵਿਚ ਮੌਜੂਦ ਨਸ਼ੀਲੇ ਤੱਤ ਦੀ ਮਾਤਰਾ ਵਪਾਰਕ ਸ਼੍ਰੇਣੀ ਦੀ ਪਾਈ ਗਈ ਸੀ, ਜਿਸ ਕਾਰਨ ਅਦਾਲਤ ਨੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਵੀ ਖਾਰਜ਼ ਕਰ ਦਿੱਤੀ ਸੀ | ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਧਿਰ ਵਲੋਂ ਵਧੀਕ ਪਬਲਿਕ ਪ੍ਰੋਸੀਕਿਊਟਰ ਜੇ. ਐੱਸ. ਅਟਵਾਲ ਨੇ ਇਸਤਗਾਸਾ ਪੱਖ ਦੀ ਅਗਵਾਈ ਕੀਤੀ | ਦੋਵਾਂ ਧਿਰਾਂ ਦੀਆਂ ਦਲੀਲਾਂ ਅਤੇ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੇਸ਼ ਆਹਲੂਵਾਲੀਆ ਦੀ ਅਦਾਲਤ ਨੇ ਮੁਲਜ਼ਮ ਲਖਵੀਰ ਸਿੰਘ ਨੂੰ ਅੱਜ ਦੋਸ਼ੀ ਕਰਾਰ ਦਿੰਦਿਆਂ 10 ਸਾਲਾਂ ਦੀ ਸਖ਼ਤ ਕੈਦ ਅਤੇ 1 ਲੱਖ ਰੁ. ਜੁਰਮਾਨੇ ਦੀ ਸਜ਼ਾ ਸੁਣਾਈ | ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਦੋਸ਼ੀ ਨੂੰ 1 ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ |