ਐੱਸ. ਏ. ਐੱਸ. ਨਗਰ, 2 ਜੂਨ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਗਤੀਸ਼ੀਲ ਬਣਾਉਣ ਲਈ ਪਾਰਟੀ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ | ਪਾਰਟੀ ਦੇ ਮੁੱਖ ਦਫ਼ਤਰ ਵਲੋਂ ਜਾਰੀ ਇਕ ਅਧਿਕਾਰਤ ਬਿਆਨ 'ਚ ਦੱਸਿਆ ਗਿਆ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਵਾਨਗੀ ਤਹਿਤ ਵਿਧਾਨ ਸਭਾ ਹਲਕਾ ਖਰੜ ਦੇ ਵੱਖ-ਵੱਖ ਸਰਕਲਾਂ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ | ਇਹ ਨਿਯੁਕਤੀਆਂ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਹੀ ਕੀਤੀਆਂ ਗਈਆਂ ਹਨ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਪਟਵਾਰੀ ਨੂੰ ਸਰਕਲ ਪ੍ਰਧਾਨ ਖਰੜ (ਸ਼ਹਿਰ), ਪ੍ਰਦੀਪ ਕੁਮਾਰ ਰੂੜਾ ਨੂੰ ਸਰਕਲ ਪ੍ਰਧਾਨ ਕੁਰਾਲੀ (ਸ਼ਹਿਰ), ਜਸਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਕੁਰਾਲੀ (ਦਿਹਾਤੀ), ਗਣੇਸ਼ ਸ਼ਰਮਾ ਨੂੰ ਸਰਕਲ ਪ੍ਰਧਾਨ ਨਵਾਂਗਰਾਓਾ (ਸ਼ਹਿਰ), ਅਵਤਾਰ ਸਿੰਘ ਨੂੰ ਸਰਕਲ ਪ੍ਰਧਾਨ ਖਿਜ਼ਰਾਬਾਦ, ਸਰਬਜੀਤ ਸਿੰਘ ਨੂੰ ਸਰਕਲ ਪ੍ਰਧਾਨ ਤਿਊੜ, ਅਮਰਜੀਤ ਸਿੰਘ ਨੂੰ ਸਰਕਲ ਪ੍ਰਧਾਨ ਮਾਜਰੀ, ਰਾਣਾ ਸੰਦੀਪ ਕੁਮਾਰ ਨੂੰ ਸਰਕਲ ਪ੍ਰਧਾਨ ਝੰਜੇੜੀ ਅਤੇ ਸੰਤ ਸਿੰਘ ਨੂੰ ਸਰਕਲ ਪ੍ਰਧਾਨ ਬੜੌਦੀ ਲਗਾਇਆ ਗਿਆ ਹੈ | ਉਨਾਂ ਦੱਸਿਆ ਕਿ ਪਾਰਟੀ ਹਾਈਕਮਾਂਡ ਦੇ ਹੁਕਮਾਂ ਤਹਿਤ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਜਾ ਰਿਹਾ ਹੈ | ਉਨ੍ਹਾਂ ਸਮੁੱਚੇ ਨਵ-ਨਿਯੁਕਤ ਨਿਯੁਕਤ ਅਹੁਦੇਦਾਰਾਂ ਨੂੰ ਪਾਰਟੀ ਵਲੋਂ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਸਮੁੱਚੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਇਤਿਹਾਸਕ ਪ੍ਰਾਪਤੀਆਂ ਨੂੰ ਘਰ-ਘਰ ਪੁੱਜਦਾ ਕਰਨ | ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਹੁਣ ਤੋਂ ਹੀ ਇਲਾਕੇ ਦੇ ਲੋਕਾਂ ਅਤੇ ਮਿਹਨਤੀ ਵਰਕਰਾਂ ਨੂੰ ਲਾਮਬੰਦ ਕਰਕੇ ਸਿਆਸੀ ਸਰਗਰਮੀਆਂ ਵਧਾਈਆਂ ਜਾਣ | ਉਨ੍ਹਾਂ ਸਮੁੱਚੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਇਕਜੁੱਟ ਹੋ ਕੇ ਦਿਨ-ਰਾਤ ਮਿਹਨਤ ਕਰਨ ਦਾ ਸੱਦਾ ਵੀ ਦਿੱਤਾ |