ਖਰੜ, 30 ਮਾਰਚ (ਜੰਡਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਐਸ. ਜੀ. ਪੀ. ਸੀ. ਮੈਂਬਰ ਚਰਨਜੀਤ ਸਿੰਘ ਕਾਲੇਵਾਲ ਵਲੋਂ ਭਾਜਪਾ 'ਚ ਸ਼ਾਮਿਲ ਹੋਣ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਾਲੇਵਾਲ ਨੇ ਪਾਰਟੀ ਦੀ ਕੁੱਛੜ ਦਾ ਅਨੰਦ ਮਾਣ ਕੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਸਰ ਕਾਲੇਵਾਲ ਦੇ ਕਹਿਣ 'ਤੇ ਹੀ ਪੰਚਾਇਤਾਂ, ਨਗਰ ਕੌਂਸਲਾਂ ਅਤੇ ਸੰਮਤੀ ਮੈਂਬਰਾਂ ਲਈ ਉਮੀਦਵਾਰਾਂ ਨੂੰ ਟਿਕਟਾਂ ਦਿੰਦੇ ਸਨ | ਇੱਥੋਂ ਤੱਕ ਕਿ ਪਾਰਟੀ ਨੇ ਕਾਲੇਵਾਲ ਕੋਲੋਂ ਕੋਈ ਵੀ ਚੀਜ਼ ਛੁਪਾ ਕੇ ਨਹੀਂ ਰੱਖੀ | ਉਨ੍ਹਾਂ ਕਿਹਾ ਕਿ ਅੱਜ ਕਾਲੇਵਾਲ ਨੂੰ ਪਾਰਟੀ ਨਾਲ ਖੜ੍ਹਨ ਦੀ ਲੋੜ ਸੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲੋਂ ਏਨਾ ਕੁਝ ਹਾਸਿਲ ਕਰਕੇ ਜਿਹੜਾ ਬੰਦਾ ਪਾਰਟੀ ਦਾ ਨਹੀਂ ਬਣਿਆ, ਉਹ ਭਾਜਪਾ ਦਾ ਕੀ ਬਣੇਗਾ | ਉਨ੍ਹਾਂ ਕਿਹਾ ਕਿ ਕਾਲੇਵਾਲ ਨੂੰ ਪਾਰਟੀ ਵਲੋਂ ਹਲਕਾ ਇੰਚਾਰਜ ਨਾ ਲਗਾਏ ਜਾਣ 'ਤੇ ਉਸ ਨੇ ਅਜਿਹਾ ਕਦਮ ਚੁੱਕਿਆ ਹੈ, ਜਦਕਿ ਜਿਹੜੇ ਵਰਕਰ ਪਾਰਟੀ ਦੇ ਸੱਚੇ ਸਿਪਾਹੀ ਹੁੰਦੇ ਹਨ, ਉਹ ਪਾਰਟੀ ਦੇ ਫ਼ੈਸਲਿਆਂ 'ਤੇ ਫੁੱਲ ਚੜ੍ਹਾਉਂਦੇ ਹਨ | ਉਨ੍ਹਾਂ ਕਿਹਾ ਕਿ ਭਾਜਪਾ 'ਚ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਿਲ ਕੀਤੇ ਜਾਣ ਕਾਰਨ ਖ਼ੁਦ ਭਾਜਪਾ ਦੇ ਟਕਸਾਲੀ ਵਰਕਰਾਂ ਤੇ ਆਗੂਆਂ 'ਚ ਤਰਥੱਲੀ ਮੱਚੀ ਹੋਈ ਹੈ |