ਚੰਡੀਗੜ੍ਹ, 29 ਮਾਰਚ (ਕਪਿਲ ਵਧਵਾ) ਚੰਡੀਗੜ੍ਹ ਪੁਲਿਸ ਨੇ ਵਾਹਨ ਚੋਰੀ ਦੇ ਮਾਮਲਿਆਂ ਵਿਚ ਸਫਲਤਾ ਹਾਸਲ ਕਰਦਿਆਂ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਇਕ ਸਰਗਰਮ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਮਲੋਆ ਦੀ ਟੀਮ ਵਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ ਬੁਲਟ ਮੋਟਰਸਾਈਕਲ ਸਮੇਤ ਕੁੱਲ 9 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਗਏ ਹਨ | ਚੰਡੀਗੜ੍ਹ ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਕਾਰਵਾਈ ਐਸ.ਐਸ.ਪੀ. ਕੰਵਰਦੀਪ ਕੌਰ ਦੇ ਨਿਰਦੇਸ਼ਾਂ ਹੇਠ, ਐਸ.ਪੀ. ਸਿਟੀ ਕੇ.ਐਮ. ਪਿ੍ਅੰਕਾ ਅਤੇ ਐਸ.ਡੀ.ਪੀ.ਓ. ਧੀਰਜ ਕੁਮਾਰ ਦੀ ਦੇਖ-ਰੇਖ ਵਿਚ ਕੀਤੀ ਗਈ | ਥਾਣਾ ਮਲੋਆ ਦੇ ਐਸ.ਐਚ.ਓ. ਇੰਸਪੈਕਟਰ ਜਸਬੀਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਡੱਡੂ ਮਾਜਰਾ ਸਥਿਤ ਦ੍ਰੋਣਾਚਾਰਿਆ ਸਟੇਡੀਅਮ ਦੇ ਪਿੱਛੇ ਮੋੜ ਤੋਂ ਚਾਰ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ | ਜਿਨ੍ਹਾਂ ਦੀ ਪਛਾਣ ਅਜੈ ਕੁਮਾਰ (20), ਸੁਖਵਿੰਦਰ ਸਿੰਘ (20), ਰਸ਼ਪਾਲ ਸਿੰਘ (25) ਅਤੇ ਗੁਰਜੀਤ ਸਿੰਘ (23) ਵਜੋਂ ਹੋਈ, ਜੋ ਕਿ ਫਿਰੋਜ਼ਪੁਰ ਅਤੇ ਮੋਗਾ ਜ਼ਿਲਿ੍ਹਆਂ ਦੇ ਵਸਨੀਕ ਹਨ | ਇਨ੍ਹਾਂ ਨੌਜਵਾਨਾਂ ਕੋਲੋਂ ਸ਼ੁਰੂਆਤੀ ਜਾਂਚ ਦੌਰਾਨ ਦੋ ਐਕਟਿਵਾ ਸਕੂਟਰ ਨਕਲੀ ਨੰਬਰ ਪਲੇਟਾਂ ਸਮੇਤ ਬਰਾਮਦ ਕੀਤੇ ਗਏ, ਜੋ ਚੋਰੀਸ਼ੁਦਾ ਸਾਬਤ ਹੋਏ | ਪੁਲਿਸ ਵਲੋਂ ਇਸ ਮਾਮਲੇ ਵਿਚ 26 ਮਾਰਚ ਨੂੰ ਬੀ. ਐਨ. ਐਸ. ਦੀ ਧਾਰਾ 303(2), 341(2), 317(2) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਗਿਆ | ਜਾਂਚ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਗਰੋਹ ਵਿਚ ਤਕਰੀਬਨ 12 ਤੋਂ 14 ਮੈਂਬਰ ਸ਼ਾਮਿਲ ਹਨ ਜੋ ਟਰਾਈਸਿਟੀ ਦੇ ਇਲਾਕੇ ਵਿਚੋਂ ਮੋਟਰਸਾਈਕਲ, ਐਕਟਿਵਾ ਅਤੇ ਹੋਰ ਦੋ-ਪਹੀਆ ਵਾਹਨ ਚੋਰੀ ਕਰਕੇ ਫਿਰੋਜ਼ਪੁਰ ਅਤੇ ਮੋਗਾ ਵਿਚ 12 ਤੋਂ 15 ਹਜ਼ਾਰ ਰੁਪਏ ਵਿਚ ਵੇਚ ਦਿੰਦੇ ਸਨ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੋਰੀ ਕੀਤੇ ਵਾਹਨਾਂ ਦੀ ਪਛਾਣ ਛੁਪਾਉਣ ਲਈ ਅਸਲੀ ਨੰਬਰ ਪਲੇਟਾਂ ਉਤਾਰ ਕੇ ਖੇਤਾਂ ਵਿਚ ਸੁੱਟ ਦਿੰਦੇ ਸਨ ਜਦਕਿ ਉਨ੍ਹਾਂ ਦੀ ਥਾਂ ਨਕਲੀ ਨੰਬਰ ਪਲੇਟਾਂ ਲਗਾ ਦਿੱਤੀਆਂ ਜਾਂਦੀਆਂ ਸਨ | ਪੁਲਿਸ ਨੇ ਉਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ 28 ਅਤੇ 29 ਮਾਰਚ ਨੂੰ ਵੱਖ-ਵੱਖ ਥਾਵਾਂ ਤੋਂ ਬੁੱਲਟ ਮੋਟਰਸਾਈਕਲਾਂ, ਸਪਲੈਂਡਰ ਬਾਈਕਾਂ ਅਤੇ ਐਕਟਿਵਾ ਸਮੇਤ ਕੁੱਲ 9 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਹਨ | ਬਰਾਮਦ ਵਾਹਨਾਂ ਵਿਚ ਕੁਝ ਵਾਹਨ ਚੰਡੀਗੜ੍ਹ ਤੋਂ ਅਤੇ ਕੁਝ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਕੇਸਾਂ ਨਾਲ ਸੰਬੰਧਿਤ ਹਨ | ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਅਤੇ ਦੋ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ | ਪੁਲਿਸ ਵਲੋਂ ਗਰੋਹ ਦੇ ਹੋਰ ਮੈਂਬਰਾਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਹੋਰ ਖੁਲਾਸਿਆਂ ਦੀ ਸੰਭਾਵਨਾ ਕੀਤੀ ਜਾ ਰਹੀ ਹੈ |