07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੁਸ਼ਮਾ ਗ੍ਰਾਂਡੇ ਨੈਕਸਟ ਸੁਸਾਇਟੀ ਦੇ ਵਸਨੀਕਾਂ ਵਲੋਂ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਸੁਸ਼ਮਾ ਬਿਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 30-03-2026
ਜ਼ੀਰਕਪੁਰ, 29 ਮਾਰਚ (ਮਨਿੰਦਰ ਸਿੰਘ)-ਜ਼ੀਰਕਪੁਰ ਵਿਚ ਸੁਸ਼ਮਾ ਬਿਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ | ਸੁਸ਼ਮਾ ਬਿਲਡਰ ਵਲੋਂ ਬਣਾਈਆਂ ਸੁਸਾਇਟੀਆਂ ਵਿਚ ਰੋਜ਼ਾਨਾ ਸਥਾਨਕ ਵਸਨੀਕਾਂ ਵਲੋਂ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਐਤਵਾਰ ਨੂੰ ਸ਼ਹਿਰ ਦੀ ਸੁਸ਼ਮਾ ਗ੍ਰਾਂਡੇ ਨੈਕਸਟ ਸੁਸਾਇਟੀ ਦੇ ਵਸਨੀਕਾਂ ਨੇ ਬਿਲਡਰ ਦੀ ਵਾਅਦਾ ਖਿਲਾਫੀ ਵਿਰੁੱਧ ਸੁਸਾਇਟੀ ਦੇ ਗੇਟ ਸਾਹਮਣੇ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਮਹੇਂਦਰ ਸਿੰਘ, ਸੌਰਭ ਅਗਰਵਾਲ, ਮੁਨੀਸ, ਕਮਲੇਸ਼, ਅਜੈ ਸਿੰਘ ਠਾਕੁਰ, ਵਿਜੈ ਸਰਾਂ, ਹਰਿੰਦਰ ਸੋਨੀ, ਯਸ਼ਾ ਅਰੋੜਾ, ਹਰਪ੍ਰੀਤ, ਪ੍ਰੀਤੀ ਅਤੇ ਅਰਜੁਨ ਸਮੇਤ ਹੋਰਨਾਂ ਵਸਨੀਕਾਂ ਨੇ ਦੱਸਿਆ ਕਿ ਸੁਸ਼ਮਾ ਗ੍ਰਾਂਡੇ ਨੈਕਸਟ ਵਿਚ 100 ਦੇ ਕਰੀਬ ਪਰਿਵਾਰ ਰਹਿ ਰਹੇ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਗਾ ਕੇ ਇਥੇ ਫਲੈਟ ਖਰੀਦੇ ਸਨ ਅਤੇ ਉਹ ਅੱਜ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ | ਉਨ੍ਹਾਂ ਸੁਸ਼ਮਾ ਬਿਲਡਰਜ਼ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਲਡਰ ਨੇ ਪਹਿਲਾਂ ਫਲੈਟਾਂ ਦੀ ਪੂਰੀ ਕੀਮਤ ਸਮੇਤ ਦੋ ਸਾਲਾਂ ਦਾ ਮੈਨਟੇਨੈਂਸ ਚਾਰਜ ਲੈਣ ਦੇ ਬਾਵਜੂਦ ਵੀ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਨਹੀਂ ਨਿਭਾਈ | ਸਥਾਨਕ ਵਸਨੀਕਾਂ ਨੇ ਦੱਸਿਆ ਕਿ ਬਿਲਡਰ ਵਲੋਂ ਹਰ ਫਲੈਟ ਤੋਂ ਕਰੀਬ 1.20 ਲੱਖ ਰੁ. ਮੈਨਟੇਨੈਂਸ ਚਾਰਜ ਦੇ ਨਾਂ 'ਤੇ ਵਸੂਲੇ ਗਏ | ਇਸ ਦੇ ਬਾਵਜੂਦ ਸੁਸਾਇਟੀ ਦੇ ਹਾਲਾਤ ਬਹੁਤ ਖ਼ਰਾਬ ਹਨ | ਸਥਾਨਕ ਵਸਨੀਕਾਂ ਨੇ ਦੱਸਿਆ ਕਿ ਸੁਸਾਇਟੀ ਦੀਆਂ ਲਿਫਟਾਂ ਬੰਦ ਪਈਆਂ ਹਨ, ਜਿਸ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਹਰ ਰੋਜ਼ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪਾਰਕ ਵਾਲੀ ਥਾਂ ਘਾਹ ਤੇ ਝਾੜੀਆਂ ਨਾਲ ਭਰੀ ਪਈ ਹੈ, ਜਿਥੋਂ ਸੱਪ ਤੇ ਬਿਛੂ ਨਿਕਲਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੰਬਾਲਾ-ਚੰਡੀਗੜ੍ਹ ਹਾਈਵੇਅ ਨਾਲ ਜੁੜਿਆ ਮੁੱਖ ਗੇਟ ਵੀ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਰੀਬ ਇਕ ਕਿਲੋਮੀਟਰ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ | ਸੁਸਾਇਟੀ ਵਸਨੀਕ ਸੌਰਭ ਅਗਰਵਾਲ ਨੇ ਕਿਹਾ ਕਿ 2017 ਤੋਂ ਲਗਾਤਾਰ ਬਿਲਡਰ ਕੋਲ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ, ਪਰ ਕੋਈ ਸੁਣਵਾਈ ਨਹੀਂ ਹੋਈ | ਇਕ ਹੋਰ ਵਸਨੀਕ ਯਸ਼ਾ ਅਰੋੜਾ ਨੇ ਦੱਸਿਆ ਕਿ ਫਲੈਟ ਖਰੀਦੇ ਨੂੰ ਇਕ ਸਾਲ ਹੋ ਗਿਆ ਹੈ, ਪਰ ਅਜੇ ਤੱਕ ਜ਼ਰੂਰੀ ਸਹੂਲਤਾਂ ਨਹੀਂ ਮਿਲੀਆਂ | ਇਥੋਂ ਤੱਕ ਕਿ ਸੁਸਾਇਟੀ ਕੋਲ ਫਾਇਰ ਐਨ. ਓ. ਸੀ. ਵੀ ਨਹੀਂ ਹੈ, ਜੋ ਇਕ ਗੰਭੀਰ ਮਸਲਾ ਹੈ | ਇਸੇ ਤਰ੍ਹਾਂ ਹਰਪ੍ਰੀਤ ਕੌਰ ਨੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਥੇ ਨਾ ਤਾਂ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਤੇ ਨਾ ਹੀ ਕੋਈ ਸੁਰੱਖਿਆ ਗਾਰਡ ਤਾਇਨਾਤ ਹੈ | ਉਨ੍ਹਾਂ ਕਿਹਾ ਕਿ ਰਾਤ ਸਮੇਂ ਘਰ ਤੱਕ ਜਾਣ ਵਿਚ ਵੀ ਡਰ ਲੱਗਦਾ ਹੈ | ਵਸਨੀਕਾਂ ਦਾ ਕਹਿਣਾ ਹੈ ਕਿ ਜੇ ਜਲਦੀ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ |
ਪਿਛਲੀ ਖ਼ਬਰ ਦੋਪਹੀਆ ਵਾਹਨ ਚੋਰ ਗਰੋਹ ਦੇ 4 ਮੈਂਬਰ ਕਾਬੂ ਅਗਲੀ ਖ਼ਬਰ ਬ੍ਰੇਕ ਫ਼ੇਲ੍ਹ ਹੋਣ ਕਾਰਨ ਇਕ ਨਿੱਜੀ ਬੱਸ ਪਹਾੜ ਨਾਲ ਟਕਰਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।