ਪੰਚਕੂਲਾ, 29 ਮਾਰਚ (ਕਪਿਲ)-ਪੰਚਕੂਲਾ ਦੇ ਮੋਰਨੀ ਇਲਾਕੇ 'ਚ ਐਤਵਾਰ ਸਵੇਰੇ ਬ੍ਰੇਕ ਫ਼ੇਲ ਹੋਣ ਕਾਰਨ ਇਕ ਨਿੱਜੀ ਬੱਸ ਪਹਾੜ ਨਾਲ ਟਕਰਾ ਗਈ, ਜਿਸ ਨਾਲ ਬੱਸ 'ਚ ਸਵਾਰ ਕਰੀਬ 20 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਦੂਜੀ ਬੱਸ 'ਚ ਰਾਹੀਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ | ਹਰਿਆਣਾ ਦੇ ਮਹਿੰਦਰਗੜ੍ਹ ਅਤੇ ਪਲਵਲ ਜ਼ਿਲਿ੍ਹਆਂ ਤੋਂ ਖੇਡ ਅਤੇ ਯੂਥ ਪ੍ਰੋਗਰਾਮ ਵਿਭਾਗ ਵਲੋਂ ਨੌਜਵਾਨਾਂ ਦਾ ਇਕ ਦਲ ਪੰਚਕੂਲਾ ਦੇ ਨੇਚਰ ਕੈਂਪ ਥਾਪਲੀ ਵਿਖੇ ਭੇਜਿਆ ਗਿਆ ਸੀ | ਇਹ ਦਲ 27 ਮਾਰਚ ਨੂੰ ਇੱਥੇ ਪਹੁੰਚਿਆ ਸੀ ਅਤੇ 1 ਅਪ੍ਰੈਲ ਤੱਕ ਇੱਥੇ ਕੈਂਪ ਕਰਨਾ ਸੀ | ਕੈਂਪ ਲਈ ਸਵੇਰੇ ਨੌਜਵਾਨਾਂ ਦਾ ਦਲ 2 ਬੱਸਾਂ 'ਚ ਸਵਾਰ ਹੋ ਕੇ ਨੇਚਰ ਕੈਂਪ ਥਾਪਲੀ ਤੋਂ ਚੰਡੀਗੜ੍ਹ ਵੱਲ ਰਵਾਨਾ ਹੋਇਆ | ਇਸ ਦੌਰਾਨ ਨੇਚਰ ਕੈਂਪ ਥਾਪਲੀ ਤੋਂ ਕੁਝ ਹੀ ਦੂਰੀ 'ਤੇ ਬੱਸ ਦੇ ਬ੍ਰੇਕ ਫ਼ੇਲ ਹੋ ਗਏ | ਘਟਨਾ ਸਮੇਂ ਬੱਸ ਵਿਚ 50 ਵਿਦਿਆਰਥੀ ਸਵਾਰ ਸਨ | ਇਸ ਹਾਦਸੇ ਵਿਚ ਪਲਵਲ ਦੀ ਰਾਧਿਕਾ, ਚੰਚਲ, ਅੰਜਲੀ, ਲਕਸ਼ਮੀ, ਦੀਪਤੀ, ਮਹਿੰਦਰਗੜ੍ਹ ਦੀ ਮੁਸਕਾਨ, ਨਾਰਨੌਲ ਦੀ ਦਿਵਿਆ, ਪੂਜਾ ਪਲਵਲ, ਮੋਨਿਕਾ ਸਤਨਾਲੀ ਸਮੇਤ ਕਰੀਬ 20 ਨੌਜਵਾਨ ਜ਼ਖਮੀ ਹੋ ਗਏ | ਹਾਲਾਂਕਿ ਇਨ੍ਹਾਂ ਸਾਰਿਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ | ਪੰਚਕੂਲਾ ਦੇ ਮੋਰਨੀ ਇਲਾਕੇ ਵਿਚ ਜਦੋਂ ਬੱਸ ਦੇ ਬ੍ਰੇਕ ਫ਼ੇਲ ਹੋਏ ਤਾਂ ਡਰਾਈਵਰ ਨੇ ਸਮਝਦਾਰੀ ਨਾਲ ਤਿੰਨ ਮੋੜਾਂ 'ਤੇ ਬੱਸ ਨੂੰ ਸੰਭਾਲ ਲਿਆ, ਪਰ ਅੱਗੇ ਇਕ ਵੀ-ਆਕਾਰ ਦਾ ਖਤਰਨਾਕ ਮੋੜ ਸੀ, ਜਿੱਥੇ ਬੱਸ ਖਾਈ ਵਿਚ ਡਿੱਗ ਸਕਦੀ ਸੀ, ਪਰ ਡਰਾਈਵਰ ਨੇ ਫੁਰਤੀ ਦਿਖਾਉਂਦੇ ਹੋਏ ਬੱਸ ਨੂੰ ਖਾਈ 'ਚ ਡਿੱਗਣ ਤੋਂ ਬਚਾਉਣ ਲਈ ਡਿਵਾਈਡਰ ਨਾਲ ਟਕਰਾ ਦਿੱਤਾ, ਜਿਸ ਨਾਲ ਬੱਸ ਖਾਈ 'ਚ ਜਾਣ ਤੋਂ ਬਚ ਗਈ |