ਧਾਂਦਰਾ ਸੜਕ ’ਤੇ ਖੱਡਿਆਂ ਦੀ ਭਰਮਾਰ, ਸਰਕਾਰ ਲਵੇ ਸਾਰ
ਸ਼ਹੀਦ ਭਗਤ ਸਿੰਘ ਨਗਰ ਦੁਕਾਨਦਾਰ ਵੈੱਲਫੇਅਰ ਐਸੋ: ਧਾਂਦਰਾ ਸੜਕ ਨੇ ਨਵੀਂ ਸੜਕ ਬਣਾਉਣ ਜਾਂ ਤੁਰੰਤ ਖੱਡੇ ਭਰੇ ਜਾਣ
ਫੁੱਲਾਂਵਾਲ, 16 ਸਤੰਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੀ ਜਸਟਿਸ ਗੁਰਨਾਮ ਸਿੰਘ ਮਾਰਗ ਧਾਂਦਰਾ ਸੜਕ ਜੈਨ ਮੰਦਰ ਤੋਂ ਮਾਣਕਵਾਲ ਗੇਟ ਅਤੇ ਅੱਗੇ ਪਿੰਡ ਮਾਣਕਵਾਲ ਨੂੰ ਜਾਂਦੀ ਲਿੰਕ ਸੜਕ ਤੱਕ ਸੜਕ ’ਤੇ ਥਾਂ-ਥਾਂ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਕਈ ਥਾਵਾਂ ’ਤੇ ਸੜਕ ਨਾਲੋਂ ਖੱਡੇ ਵੱਧ ਨਜ਼ਰ ਆਉਂਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਨਗਰ ਦੁਕਾਨਦਾਰ ਵੈੱਲਫੇਅਰ ਐਸੋਸੀਏਸ਼ਨ, ਧਾਂਦਰਾ ਸੜਕ ਦੇ ਨੁਮਾਇੰਦਿਆਂ ਪ੍ਰਧਾਨ ਗੁਰਮੀਤ ਸਿੰਘ ਗਰੇਵਾਲ, ਚੇਅਰਮੈਨ ਰਘਵੀਰ ਸਿੰਘ, ਦਿਲਦਾਰ ਸਿੰਘ, ਸੁਖਵਿੰਦਰ ਸਿੰਘ, ਪਰਵਿੰਦਰ ਸਿੰਘ, ਜਗਤਾਰ ਸਿੰਘ ਗਿੱਲ, ਜਤਿੰਦਰ ਸਿੰਘ,ਜਸਵਿੰਦਰ ਸਿੰਘ, ਸੁਰਜੀਤ ਸਿੰਘ, ਸੁਨੀਲ ਰਿੰਕੂ, ਰਾਮ ਸਿੰਘ, ਜਸ਼ਨਪ੍ਰੀਤ ਸਿੰਘ, ਕਮਲ ਸਿੰਘ, ਰਾਹੁਲ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਸੜਕ ਦੀ ਤੁਰੰਤ ਸਾਰ ਲੈਣ ਦੀ ਮੰਗ ਕੀਤੀ ਹੈ।
ਫੁੱਲਾਂਵਾਲ, 16 ਸਤੰਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੀ ਜਸਟਿਸ ਗੁਰਨਾਮ ਸਿੰਘ ਮਾਰਗ ਧਾਂਦਰਾ ਸੜਕ ਜੈਨ ਮੰਦਰ ਤੋਂ ਮਾਣਕਵਾਲ ਗੇਟ ਅਤੇ ਅੱਗੇ ਪਿੰਡ ਮਾਣਕਵਾਲ ਨੂੰ ਜਾਂਦੀ ਲਿੰਕ ਸੜਕ ਤੱਕ ਸੜਕ ’ਤੇ ਥਾਂ-ਥਾਂ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਕਈ ਥਾਵਾਂ ’ਤੇ ਸੜਕ ਨਾਲੋਂ ਖੱਡੇ ਵੱਧ ਨਜ਼ਰ ਆਉਂਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਨਗਰ ਦੁਕਾਨਦਾਰ ਵੈੱਲਫੇਅਰ ਐਸੋਸੀਏਸ਼ਨ, ਧਾਂਦਰਾ ਸੜਕ ਦੇ ਨੁਮਾਇੰਦਿਆਂ ਪ੍ਰਧਾਨ ਗੁਰਮੀਤ ਸਿੰਘ ਗਰੇਵਾਲ, ਚੇਅਰਮੈਨ ਰਘਵੀਰ ਸਿੰਘ, ਦਿਲਦਾਰ ਸਿੰਘ, ਸੁਖਵਿੰਦਰ ਸਿੰਘ, ਪਰਵਿੰਦਰ ਸਿੰਘ, ਜਗਤਾਰ ਸਿੰਘ ਗਿੱਲ, ਜਤਿੰਦਰ ਸਿੰਘ,ਜਸਵਿੰਦਰ ਸਿੰਘ, ਸੁਰਜੀਤ ਸਿੰਘ, ਸੁਨੀਲ ਰਿੰਕੂ, ਰਾਮ ਸਿੰਘ, ਜਸ਼ਨਪ੍ਰੀਤ ਸਿੰਘ, ਕਮਲ ਸਿੰਘ, ਰਾਹੁਲ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਸੜਕ ਦੀ ਤੁਰੰਤ ਸਾਰ ਲੈਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਕਿਹਾ ਕਿ ਧਾਂਦਰਾ ਸੜਕ ਸਿਰਫ਼ ਸਥਾਨਕ ਲੋਕਾਂ ਲਈ ਹੀ ਨਹੀਂ, ਸਗੋਂ ਆਸ-ਪਾਸ ਦੀਆਂ ਦਰਜਨਾਂ ਕਾਲੋਨੀਆਂ ਅਤੇ ਪਿੰਡਾਂ ਭਗਤ ਸਿੰਘ ਨਗਰ, ਸਤਜੋਤ ਨਗਰ, ਸ਼ਹੀਦ ਭਗਤ ਸਿੰਘ ਨਗਰ, ਤੇਰਾ ਨਗਰ, ਪ੍ਰੀਤ ਵਿਹਾਰ, ਗੁਰੂ ਗਿਆਨ ਵਿਹਾਰ ਸਮੇਤ ਪਿੰਡ ਮਾਣਕਵਾਲ, ਮਹਿਮੂਦਪੁਰਾ, ਧਾਂਦਰਾ, ਖੇੜੀ, ਝਮੇੜੀ, ਹਿਮਾਯੂੰਪੁਰਾ, ਜੱਸੋਵਾਲ ਬੀਲ੍ਹਾ, ਦੋਲੋ ਕਲਾਂ ਅਤੇ ਦੋਲੋ ਖ਼ੁਰਦ ਵੱਲ ਆਉਣ-ਜਾਣ ਵਾਲਾ ਸਾਰਾ ਟਰੈਫ਼ਿਕ ਇਸੇ ਸੜਕ ਰਾਹੀਂ ਲੰਘਦਾ ਹੈ। ਇਸ ਤੋਂ ਇਲਾਵਾ ਸੜਕ ’ਤੇ ਸਕੂਲਾਂ ਅਤੇ ਹੋਰ ਵੱਡੇ ਕੰਪਲੈਕਸ ਹੋਣ ਕਾਰਨ ਸਵੇਰੇ ਅਤੇ ਸ਼ਾਮ ਦੇ ਸਮੇਂ ਅਕਸਰ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਖੱਡਿਆਂ ਕਾਰਨ ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਨਾਲ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ, ਕਈ ਰਾਹਗੀਰ ਇਨ੍ਹਾਂ ਖੱਡਿਆਂ ਕਾਰਨ ਸੱਟਾਂ ਵੀ ਲਵਾ ਚੁੱਕੇ ਹਨ। ਖ਼ਾਸ ਕਰਕੇ ਰਾਤ ਸਮੇਂ ਅਤੇ ਬਰਸਾਤ ਦੌਰਾਨ ਖੱਡਿਆਂ ਵਿਚ ਪਾਣੀ ਭਰ ਜਾਣ ਕਾਰਨ ਸਥਿਤੀ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਕਰੀਬ ਦੋ-ਢਾਈ ਸਾਲ ਪਹਿਲਾਂ ਹੀ ਬਣਾਈ ਗਈ ਸੀ। ਇੰਨੇ ਥੋੜ੍ਹੇ ਸਮੇਂ ਵਿਚ ਸੜਕ ਦੇ ਜਲਦੀ ਟੁੱਟਣ ਕਾਰਨ ਇਸ ਦੇ ਨਿਰਮਾਣ ਵਿਚ ਵਰਤੇ ਗਏ ਮੈਟੀਰੀਅਲ ਦੀ ਗੁਣਵੱਤਾ ਅਤੇ ਨਿਰਮਾਣ ਕਾਰਜ ਦੀ ਨਿਗਰਾਨੀ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਐਸੋਸੀਏਸ਼ਨ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸੜਕ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਵਾਇਆ ਜਾਵੇ। ਜੇਕਰ ਇਸ ਵਿਚ ਸਮਾਂ ਲੱਗਦਾ ਹੈ ਤਾਂ ਘੱਟੋ-ਘੱਟ ਤੁਰੰਤ ਖੱਡਿਆਂ ਨੂੰ ਭਰ ਕੇ ਸੜਕ ਨੂੰ ਆਵਾਜਾਈ ਯੋਗ ਬਣਾਇਆ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।