10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਰੈਪੀਡੋ ਡਰਾਈਵਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਲੜਕੀ ਸਮੇਤ 28 ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 19-07-2026
ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਰੈਪੀਡੋ ਮੋਟਰਸਾਈਕਲ ਡਰਾਈਵਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਲੜਕੀ ਸਮੇਤ 28 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਡਰਾਈਵਰ ਰੋਹਿਤ ਵਾਸੀ ਸੁਭਾਸ਼ ਨਗਰ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਲੜਕੀ ਨੇਹਾ, ਜੈ ਪ੍ਰਕਾਸ਼, ਗੰਜੂ, ਇੰਦਰ, ਕਰਨ, ਮਨੋਜ, ਰਾਹੁਲ, ਵਿਸ਼ਾਲ, ਵਿਸ਼ੂ ਕੁਮਾਰ, ਰੋਸ਼ਨ, ਮਨੋਜ ਟਕਲਾ ਉਰਫ ਮਾਨਕ, ਸੰਦੀਪ ਅਤੇ ਉਨ੍ਹਾਂ ਦੇ 16 ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਾਰਟ ਟਾਈਮ ਰੈਪੀਡੋ ਕੰਪਨੀ ਵਿਚ ਬਤੌਰ ਮੋਟਰਸਾਈਕਲ ਡਰਾਈਵਰ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਪਿਛਲੇ ਛੇ ਮਹੀਨੇ ਤੋਂ ਉਹ ਉਕਤ ਲੜਕੀ ਨੇਹਾ ਨੂੰ ਸਮਰਾਲਾ ਚੌਕ ਛੱਡਣ ਲਈ ਜਾਂਦਾ ਸੀ। ਉਸ ਨੇ ਦੱਸਿਆ ਕਿ ਜਿਸ ਕਾਰਨ ਲੜਕੀ ਨਾਲ ਉਸ ਦੀ ਜਾਣ ਪਹਿਚਾਣ ਹੋ ਗਈ ਅਤੇ ਲੜਕੀ ਉਸ ਨੂੰ ਸਿੱਧਾ ਹੀ ਫ਼ੋਨ ਕਰਕੇ ਉਸ ਦਾ ਮੋਟਰਸਾਈਕਲ ਬੁੱਕ ਕਰਵਾਉਣ ਲੱਗੀ, ਜਦੋਂ ਉਹ ਬੀਤੇ ਦਿਨ ਲੜਕੀ ਨੂੰ ਛੱਡਣ ਲਈ ਗਿਆ ਤਾਂ ਉਸ ਨੇ ਕਿਰਾਏ ਦੀ ਮੰਗ ਕੀਤੀ, ਪਰ ਲੜਕੀ ਨੇ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਕੁੱਝ ਸਾਥੀਆਂ ਨੂੰ ਉੱਥੇ ਬੁਲਾ ਲਿਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਇਸ ਇਸ ਦੀ ਸੂਚਨਾ ਆਪਣੇ ਭਰਾ ਨੂੰ ਦਿੱਤੀ, ਜਦੋਂ ਉਸ ਦਾ ਭਰਾ ਆਪਣੇ ਸਾਥੀ ਨਾਲ ਪਹੁੰਚਿਆ ਤਾਂ ਇਹਨਾਂ ਕਥਿਤ ਦੋਸ਼ੀਆਂ ਵਲੋਂ ਉਸ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਥੋਂ ਫ਼ਰਾਰ ਹੋ ਗਏ, ਜਿਸ ’ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਕਥਿਤ ਦੋਸ਼ੀ ਫ਼ਰਾਰ ਦੱਸੇ ਜਾਂਦੇ ਹਨ।
ਪਿਛਲੀ ਖ਼ਬਰ ਸਰਕਾਰੀ ਬੱਸਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਡਰਾਈਵਰ ਅਤੇ ਕੰਡਕਟਰ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਹਾਈਡ੍ਰੋਜਨ ਰੇਲ ਨਾਲ ਆਤਮ ਨਿਰਭਰ ਭਾਰਤ ਨੂੰ ਮਿਲੇਗੀ ਨਵੀਂ ਰਫਤਾਰ-ਗੁਰਦੇਵ ਸ਼ਰਮਾ ਦੇਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।