ਲੁਧਿਆਣਾ, 31 ਮਾਰਚ (ਭੁਪਿੰਦਰ ਸਿੰਘ ਬੈਂਸ)-ਵਿੱਤੀ ਸਾਲ ਦੇ ਆਖ਼ਰੀ ਦਿਨ 31 ਮਾਰਚ ਨੰੂ ਸ਼ਹਿਰ ਦੇ ਸ਼ਰਾਬ ਦੇ ਠੇਕਿਆਂ ਤੇ ਭਾਰੀ ਭੀੜ ਦੇਖਣ ਨੂੰ ਮਿਲੀ | ਸਸਤੀ ਹੋਈ ਸ਼ਰਾਬ ਖ਼ਰੀਦਣ ਲਈ ਲੋਕ ਸਵੇਰੇ ਤੋ ਹੀ ਠੇਕਿਆਂ ਦੇ ਬਾਹਰ ਲਾਈਨਾਂ ਵਿਚ ਖੜੇ ਨਜ਼ਰ ਆਏ ਅਤੇ ਕਈ ਥਾਵਾਂ ਤੇ ਭੀੜ ਨੇ ਮੇਲੇ ਵਰਗਾ ਦਿ੍ਸ਼ ਪੈਦਾ ਕਰ ਦਿੱਤਾ | ਜਾਣਕਾਰੀ ਮੁਤਾਬਿਕ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਠੇਕਿਆਂ ਦੇ ਨਵੀਨੀਕਰਨ ਤੋਂ ਪਹਿਲਾਂ ਦੇ ਬਚੇ ਹੋਏ ਸਟਾਕ ਨੂੰ ਖ਼ਤਮ ਕਰਨ ਲਈ ਸ਼ਰਾਬ ਦੇ ਰੇਟ ਘਟਾ ਦਿੱਤੇ ਗਏ | ਇਸਦਾ ਲਾਭ ਚੁੱਕਦੇ ਹੋਏ, ਸ਼ੌਕੀਨਾਂ ਵਲੋਂ ਵੱਡੀ ਮਾਤਰਾ ਵਿਚ ਖ਼ਰੀਦਦਾਰੀ ਕੀਤੀ ਗਈ | ਕਈ ਲੋਕ ਪੇਟੀਆਂ ਖ਼ਰੀਦਦੇ ਅਤੇ ਉਨ੍ਹਾਂ ਨੰੂ ਵਾਹਨਾਂ ਚ ਲਿਜਾਂਦੇ ਹੋਏ, ਦੇਖੇ ਗਏ | ਸ਼ਹਿਰ ਦੇ ਵੱਖ ਵੱਖ ਇਲਾਕਿਆਂ ਚ ਠੇਕਿਆਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ | ਕੱੁਝ ਥਾਵਾਂ 'ਤੇ ਭੀੜ ਇੰਨੀ ਵੱਧ ਗਈ ਕਿ ਟ੍ਰੈਫਿਕ 'ਤੇ ਵੀ ਅਸਰ ਪਿਆ ਅਤੇ ਆਮ ਲੋਕਾਂ ਨੰੂ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਦੌਰਾਨ ਕੁੱਝ ਲੋਕਾਂ ਵਲੋਂ ਜਲਦੀ ਜਲਦੀ ਖ਼ਰੀਦਦਾਰੀ ਕਰਨ ਦੀ ਹੋੜ ਵੀ ਦੇਖੀ ਗਈ | ਕੁਲ ਮਿਲਾਕੇ 31 ਮਾਰਚ ਦਾ ਦਿਨ ਸ਼ਹਿਰ ਵਿਚ ਸਸਤੀ ਸ਼ਰਾਬ ਦੀ ਦੌੜ ਵਜੋਂ ਸਾਹਮਣੇ ਆਇਆ, ਜਿੱਥੇ ਲੋਕਾਂ ਨੇ ਮੌਕੇ ਦਾ ਪੂਰਾ ਲਾਭ ਚੁੱਕਦਿਆਂ ਵੱਡੀ ਮਾਤਰਾ ਵਿਚ ਖ਼ਰੀਦਦਾਰੀ ਕੀਤੀ |