ਮੰਡੀ ਘੁਬਾਇਆ (ਫ਼ਾਜ਼ਿਲਕਾ), 24 ਨਵੰਬਰ (ਅਮਨ ਬਵੇਜਾ)- ਵਿਧਾਨ ਸਭਾ ਹਲਕਾ ਜਲਾਲਾਬਾਦ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਸਿਆਸੀ ਝਟਕਾ ਲੱਗਾ, ਜਦੋਂ ਪਾਰਟੀ ਦੇ ਆਗੂ ਰਾਜ ਸਿੰਘ ਡਿੱਬੀਪੁਰਾ ਨੇ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। ਉਨ੍ਹਾਂ ਨੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਸਮੇਤ ਕਈ ਹੋਰ ਆਗੂ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਰਾਜ ਸਿੰਘ ਡਿੱਬੀਪੁਰਾ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਵੀ ਲੜ ਚੁੱਕੇ ਹਨ। ਜਲਾਲਾਬਾਦ ਹਲਕੇ ਵਿਚ ਰਾਏ ਸਿੱਖ ਭਾਈਚਾਰੇ ਦਾ ਵੱਡਾ ਵੋਟ ਬੈਂਕ ਹੈ ਅਤੇ ਰਾਜ ਸਿੰਘ ਡਿੱਬੀਪੁਰਾ ਦੀ ਆਪਣੇ ਭਾਈਚਾਰੇ ਵਿਚ ਚੰਗੀ ਪਕੜ ਮੰਨੀ ਜਾਂਦੀ ਹੈ।
ਦੱਸਿਆ ਜਾਂਦਾ ਹੈ ਕਿ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਜ ਸਿੰਘ ਡਿੱਬੀਪੁਰਾ ਨਾਰਾਜ਼ ਚੱਲ ਰਹੇ ਸਨ। ਹੁਣ ਉਨ੍ਹਾਂ ਦੇ ਕਾਂਗਰਸ ਵਿਚ ਜਾਣ ਨਾਲ ਜਲਾਲਾਬਾਦ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ।